ਝੋਨੇ ਦੀ ਫਸਲ ਵੱਢ ਕੇ ਲਿਜਾਣ ਦੇ ਦੋਸ਼ ’ਚ ਕਈਆਂ ਖਿਲਾਫ ਕੇਸ ਦਰਜ

Thursday, Oct 25, 2018 - 04:17 AM (IST)

ਝੋਨੇ ਦੀ ਫਸਲ ਵੱਢ ਕੇ ਲਿਜਾਣ ਦੇ ਦੋਸ਼ ’ਚ ਕਈਆਂ ਖਿਲਾਫ ਕੇਸ ਦਰਜ

ਫਿਰੋਜ਼ਪੁਰ, (ਜ.ਬ)- ਕਸਬਾ ਤਲਵੰਡੀ ਭਾਈ ਦੀ ਗਊਸ਼ਾਲਾ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਯਤ ਨਾਲ ਹਥਿਆਰਾਂ ਦੇ ਜ਼ੋਰ ’ਤੇ ਝੋਨੇ ਦੀ ਫਸਲ ਵੱਢ ਕੇ ਲਿਜਾਣ ਦੇ ਦੋਸ਼ ’ਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਦਰਜਨਾਂ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਬੀਲਾ ਦਾਸ ਪੁੱਤਰ ਗਰੀਬ ਦਾਸ ਵਾਸੀ ਤਲਵੰਡੀ ਭਾਈ ਨੇ   ਦੱਸਿਆ ਕਿ ਉਹ ਤਲਵੰਡੀ ਭਾਈ ਗਊਸ਼ਾਲਾ ਦਾ ਇੰਚਾਰਜ ਹੈ ਅਤੇ ਇਸ ਗਊਸ਼ਾਲਾ ਦੀ ਇਕ ਬ੍ਰਾਂਚ ਪੰਡੋਰੀ ਖੱਤਰੀਆਂ ਵਿਚ ਵੀ ਹੈ।  ਇਸ ਗਊਸ਼ਾਲਾ ਦੀ 68 ਏਕਡ਼ ਜ਼ਮੀਨ ਹੈ, ਜਿਸ ਵਿਚ 40 ਏਕਡ਼ ਝੋਨਾ ਤੇ 28 ਏਕਡ਼ ਪੱਠੇ ਬੀਜੇ ਹੋਏ ਹਨ। ਉਸ ਨੇ ਦੋਸ਼ ਲਾਇਆ ਕਿ ਬੀਤੇ ਦਿਨ ਉਸ ਨੇ ਝੋਨਾ ਵੱਢਣ ਲਈ ਕੰਬਾਈਨ ਲਾਈ ਹੋਈ ਸੀ ਤਾਂ ਪਿੰਡ ਸਾਹੋਕੇ ਦੇ ਰਹਿਣ ਵਾਲੇ ਕੌਰਾ ਸਿੰਘ, ਗੋਰਾ ਸਿੰਘ ਅਤੇ ਗਿੰਦਾ ਤੋਂ ਇਲਾਵਾ 20-30 ਅਣਪਛਾਤੇ ਵਿਅਕਤੀ ਡਾਂਗਾਂ, ਦਸਤੇ ਅਤੇ ਬੇਸਬਾਲ ਲੈ ਕੇ 2-3 ਗੱਡੀਆਂ ’ਤੇ ਸਵਾਰ ਹੋ ਕੇ ਆਏ ਅਤੇ ਆਉਂਦਿਆਂ ਸਾਰ ਹੀ ਝੋਨਾ ਵੱਢ ਰਹੀ ਕੰਬਾਈਨ ਅਤੇ ਟਰਾਲੀਆਂ ਕਬਜ਼ੇ ਵਿਚ ਕਰ ਲਈਆਂ ਅਤੇ ਦੋ ਟਰਾਲੀਆਂ ਝੋਨੇ ਦੀਆਂ ਵੱਢ ਕੇ ਤਲਵੰਡੀ ਭਾਈ ਆਡ਼੍ਹਤ ’ਤੇ ਭੇਜ ਦਿੱਤੀਆਂ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਗਊਸ਼ਾਲਾ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ  ਦੇ ਬਿਆਨਾਂ ਦੇ ਆਧਾਰ ’ਤੇ ਕੌਰਾ ਸਿੰਘ ਪੁੱਤਰ ਸਰਦਾਰਾ ਸਿੰਘ, ਗੋਰਾ ਸਿੰਘ ਪੁੱਤਰ ਕੌਰਾ ਸਿੰਘ, ਗਿੰਦਾ ਸਿੰਘ ਵਾਸੀਅਨ ਸਾਹੋਕੇ ਅਤੇ 20-30 ਅਣਪਛਾਤੇ ਵਿਅਕਤੀਆਂ  ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। 


Related News