ਰੇਲਵੇ ਬੋਰਡ ਨੇ ਟਿਕਟ ਚੈਕਿੰਗ ਕਰ ਵਸੂਲਿਆ 2.09 ਕਰੋੜ ਰੁਪਏ ਦਾ ਜੁਰਮਾਨਾ

Monday, Oct 10, 2022 - 07:31 PM (IST)

ਰੇਲਵੇ ਬੋਰਡ ਨੇ ਟਿਕਟ ਚੈਕਿੰਗ ਕਰ ਵਸੂਲਿਆ 2.09 ਕਰੋੜ ਰੁਪਏ ਦਾ ਜੁਰਮਾਨਾ

ਜੈਤੋ (ਰਘੁਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਰੇਲ ਗੱਡੀਆਂ 'ਚ ਅਣਅਧਿਕਾਰਤ ਤੌਰ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਖ਼ਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐਮ ਡਾ.ਸੀਮਾ ਸ਼ਰਮਾ ਨੇ ਕਿਹਾ ਕਿ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਵੱਲੋਂ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਤੰਬਰ, 2022 ਦੌਰਾਨ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਵੱਲੋਂ ਕੁੱਲ 25897 ਯਾਤਰੀ ਬਿਨਾਂ ਟਿਕਟ ਸਫ਼ਰ ਕਰਦੇ ਜਾਂ ਰੇਲ ਗੱਡੀਆਂ ਵਿੱਚ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਨੂੰ ਲਗਭਗ 2.09 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਜਮਾਲਪੁਰ ਗੋਲੀਬਾਰੀ ਕਾਂਡ: ਅਕਾਲੀ ਨੇਤਾ ਸਮੇਤ ਦੋ ਪੁਲਸ ਕਰਮੀਆਂ ਨੂੰ ਉਮਰ ਕੈਦ, ਇਕ ਹੋਮ ਗਾਰਡ ਬਰੀ

ਸਤੰਬਰ ਮਹੀਨੇ ਚ ਫ਼ਿਰੋਜ਼ਪੁਰ ਡਵੀਜ਼ਨ ਨੂੰ ਮੁੱਖ ਦਫ਼ਤਰ ਵੱਲੋਂ ਟਿਕਟ ਚੈਕਿੰਗ ਰਾਹੀਂ ਮਾਲੀਆ ਕਮਾਉਣ ਦਾ 1.50 ਕਰੋੜ ਦਾ ਟੀਚਾ ਦਿੱਤਾ ਗਿਆ ਸੀ ਪਰ ਡਿਵੀਜ਼ਨ ਦੇ ਟਿਕਟ ਚੈਕਿੰਗ ਅਮਲੇ ਵੱਲੋਂ ਮਿੱਥੇ ਟੀਚੇ ਨਾਲੋਂ 39 ਫ਼ੀਸਦੀ ਵੱਧ ਮਾਲੀਆ ਕਮਾਇਆ ਗਿਆ। ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਨਿਯਮਤ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਸਤੰਬਰ ਮਹੀਨੇ 'ਚ ਸਟੇਸ਼ਨ ਕੰਪਲੈਕਸ 'ਚ ਗੰਦਗੀ ਫੈਲਾਉਣ ਦੇ ਦੋਸ਼ ਵਿੱਚ 605 ਯਾਤਰੀਆਂ ਤੋਂ ਕਰੀਬ ਇੱਕ ਲੱਖ ਰੁਪਏ (ਐਂਟੀ ਲਿਟਰਿੰਗ ਐਕਟ) ਵਸੂਲੇ ਗਏ।

ਇਹ ਵੀ ਪੜ੍ਹੋ : ਨਹੀ ਹੱਲ ਹੋ ਰਿਹਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਮਾਮਲਾ, ਮੋਰਚੇ 'ਚ ਗੱਲਬਾਤ ਕਰਨ ਪਹੁੰਚੇ ਵਿਧਾਇਕ ਭੁੱਲਰ

ਡਵੀਜ਼ਨਲ ਰੇਲਵੇ ਮੈਨੇਜਰ ਡਾ.ਸੀਮਾ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ 'ਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ 'ਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਉਹ ਭਵਿੱਖ 'ਚ ਸਹੀ ਟਿਕਟਾਂ ਨਾਲ ਸਫ਼ਰ ਕਰ ਸਕਣ। ਡਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ।


author

Mandeep Singh

Content Editor

Related News