ਟ੍ਰੈਫਿਕ ਪੁਲਸ ਦੀ ਸਖ਼ਤੀ : ਇੰਨ੍ਹਾਂ ਵਾਹਨਾਂ ''ਤੇ ਕੱਟੇ ਗਏ ਚਲਾਨ
Thursday, Apr 30, 2026 - 05:34 PM (IST)
ਬਨੂੜ (ਗੁਰਪਾਲ) : ਟ੍ਰੈਫਿਕ ਪੁਲਸ ਬਨੂੜ ਵੱਲੋਂ ਅੱਜ ਕੌਮੀ ਮਾਰਗ ’ਤੇ ਸਥਿਤ ਬਨੂੜ ਬੈਰੀਅਰ ’ਤੇ ਵਿਸ਼ੇਸ਼ ਨਾਕਾ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਮੁਹਿੰਮ ਤਹਿਤ ਖ਼ਾਸ ਕਰ ਕੇ ਮਿੱਟੀ ਅਤੇ ਰੇਤ ਨਾਲ ਭਰੇ ਉਨ੍ਹਾਂ ਓਵਰਲੋਡ ਟਿੱਪਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਨੇ ਆਪਣੇ ਵਾਹਨਾਂ ਨੂੰ ਤਰਪਾਲਾਂ ਨਾਲ ਨਹੀਂ ਢੱਕਿਆ ਸੀ। ਇਸ ਮੌਕੇ ਟ੍ਰੈਫਿਕ ਪੁਲਸ ਬਨੂੜ ਦੇ ਏ.ਐੱਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਅਤੇ ਐੱਸ.ਪੀ. (ਟ੍ਰੈਫਿਕ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਨਾਕੇ ਦੌਰਾਨ ਤਰਪਾਲਾਂ ਨਾ ਪਾਉਣ ਵਾਲੇ ਟਿੱਪਰਾਂ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਹੋਰ ਵਾਹਨਾਂ ਦੇ ਵੀ ਚਲਾਨ ਕੱਟੇ ਗਏ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ।
ਏ.ਐੱਸ.ਆਈ. ਰਣਧੀਰ ਸਿੰਘ ਨੇ ਕਿਹਾ ਕਿ ਮਿੱਟੀ ਅਤੇ ਰੇਤ ਨਾਲ ਭਰੇ ਟਿੱਪਰਾਂ ’ਤੇ ਤਰਪਾਲ ਨਾ ਹੋਣ ਕਾਰਨ ਰੇਤ ਉੱਡ ਕੇ ਪਿੱਛੇ ਆ ਰਹੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਪੈਂਦੀ ਹੈ, ਜੋ ਕਿ ਭਿਆਨਕ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਬਣਦੀ ਹੈ। ਉਨ੍ਹਾਂ ਸਖ਼ਤ ਲਹਿਜ਼ੇ ’ਚ ਚਿਤਾਵਨੀ ਦਿੱਤੀ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਪੁਲਸ ਵੱਲੋਂ ਭਵਿੱਖ ’ਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਵੀ ਵਾਹਨ ਚਾਲਕ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਸ਼ਰਨਜੀਤ ਸਿੰਘ, ਪਰਮਜੀਤ ਸਿੰਘ ਸਮੇਤ ਪੁਲਸ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।
