ਤਨਖ਼ਾਹਾਂ ਨਾ ਮਿਲਣ ਕਰ ਕੇ ਪ੍ਰਸ਼ਾਸਨ ਵਿਰੁੱਧ ਗਰਜੇ ਪੰਜਾਬ ਸਟੇਟ ਮਨਿਸਟੀਰੀਅਲ ਕਾਮੇ

12/10/2019 10:44:10 PM

ਪਟਿਆਲਾ/ਰੱਖਡ਼ਾ, (ਰਾਣਾ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਹਾਈ ਪਾਵਰ ਕਮੇਟੀ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸੂਬਾ ਕਮੇਟੀ ਨੇ ਮਿੰਨੀ ਸਕੱਤਰੇਤ ਵਿਖੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਤਨਖਾਹਾਂ ਮਿਲਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਡਟ ਕੇ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਜਥੇਬੰਦੀਆਂ ਨੇ ਸਰਕਾਰ ਦੀ ਤਿੱਖੀ ਨਿੰਦਾ ਕੀਤੀ ਗਈ। ਦਫ਼ਤਰਾਂ ਨੂੰ ਤਾਲੇ ਲਾ ਕੇ ਕੁਝ ਸਮੇਂ ਲਈ ਕੰਮ-ਕਾਜ ਠੱਪ ਰੱਖਿਆ। ਤਨਖਾਹਾਂ ਨਾ ਮਿਲਣ ’ਤੇ ਅੱਜ ਜ਼ਿਲਾ ਪੱਧਰੀ ਧਰਨਾ ਡਿਪਟੀ ਕਮਿਸ਼ਨਰ ਦੇ ਮੁੱਖ ਦਫ਼ਤਰ ਸਾਹਮਣੇ ਮਿੰਨੀ ਸਕੱਤਰੇਤ ਵਿਖੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ, ਜਿਥੇ ਸਮੁੱਚੇ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਨੇ ਵੱਧ-ਚਡ਼੍ਹ ਕੇ ਸ਼ਮੂਲੀਅਤ ਕੀਤੀ।

ਧਰਨੇ ਵਿਚ ਸਮੁੱਚੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਏ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਜਨਰਲ ਸਕੱਤਰ ਅਮਰ ਬਹਾਦਰ ਸਿੰਘ, ਕੁਲਵੰਤ ਸਿੰਘ ਸੈਣੀ, ਦਰਸ਼ਨ ਸਿੰਘ ਬੇਲੂਮਾਜਰਾ, ਬਚਿੱਤਰ ਸਿੰਘ ਸੂਬਾ ਜਨ. ਸਕੱਤਰ, ਨਛੱਤਰ ਸਿੰਘ ਭਾਈ ਰੂਪਾ, ਦਰਸ਼ਨ ਸਿੰਘ ਲੁਬਾਣਾ, ਜਸਵਿੰਦਰ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਗੁਰਮੁਖ ਸਿੰਘ, ਰਾਜੇਸ਼ ਸ਼ਰਮਾ, ਸੁਖਦੀਪ ਸਿੰਘ ਗਿੱਲ, ਸਤਨਾਮ ਸਿੰਘ ਕੰਬੋਜ ਪ੍ਰਧਾਨ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਸਮੇਂ ਸਿਰ ਤਨਖਾਹਾਂ ਜਾਰੀ ਨਾ ਕਰ ਕੇ ਧੱਕੇਸ਼ਾਹੀ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ, ਦਰਜਾ ਚਾਰ ਕਰਮਚਾਰੀਆਂ ਦੀ ਭਰਤੀ, ਖਾਲੀ ਅਸਾਮੀਆਂ ਨੂੰ ਭਰਨਾ ਆਦਿ ਮੰਗਾਂ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਤੋਂ ਧੱਕੇ ਨਾਲ 200 ਰੁਪਏ ਜਜ਼ੀਆ ਦੀ ਵਸੂਲੀ ਕਰਨਾ ਸਰਕਾਰ ਬਿਨਾਂ ਕਾਰਣ ਧੱਕਾ ਕਰ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ’ਤੇ ਲੱਗੀ ਹੋਈ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਲਈ ਸਮੁੱਚੇ ਮੁਲਾਜ਼ਮਾਂ ਨੂੰ ਮਜਬੂਰ ਹੋਣਾ ਪਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੀ ਧੱਕੇਸ਼ਾਹੀ ਸਮੂਹ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਧਰਨਾਕਾਰੀਆਂ ਨੇ ਜਿਥੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਉਥੇ ਸਰਕਾਰ ਦੀ ਅਰਥੀ ਫੂਕ ਕੇ ਪਿੱਟ-ਸਿਆਪਾ ਵੀ ਕੀਤਾ। ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਵੀ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਪ੍ਰਧਾਨ, ਹਰਭਜਨ ਸਿੰਘ ਪ੍ਰਧਾਨ, ਕੇਸਰ ਸਿੰਘ ਪ੍ਰਧਾਨ ਡੀ. ਸੀ. ਦਫ਼ਤਰ, ਗਗਨਦੀਪ ਸਿੰਘ, ਅਰਵਿੰਦਰ ਸਿੰਘ, ਸੁਨੀਤਾ ਪ੍ਰਧਾਨ, ਜਸਵੀਰ ਸਿੰਘ ਵੇਰਕਾ, ਦਲਬੀਰ ਸਿੰਘ, ਮਹਿਮਾ ਸਿੰਘ ਪ੍ਰਧਾਨ, ਅਮਰੀਕ ਸਿੰਘ ਬਾਂਗਡ਼ ਅਤੇ ਹਰਭਜਨ ਸਿੰਘ ਆਦਿ ਵੱਖ-ਵੱਖ ਵਿਭਾਗਾਂ ਦੀਆਂ ਸਮੁੱਚੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਧਰਨੇ ਵਿਚ ਵੱਧ-ਚਡ਼੍ਹ ਕੇ ਸ਼ਮੂਲੀਅਤ ਕੀਤੀ।


Bharat Thapa

Content Editor

Related News