ਪੰਜਾਬ ਪੁਲਸ ਨੇ ਐਨਕਾਊਂਟਰ ''ਚ ਸ਼ੂਟਰ ਬਾਦਲ ਕੀਤਾ ਢੇਰ
Thursday, Nov 27, 2025 - 10:00 AM (IST)
ਫਾਜ਼ਿਲਕਾ : ਪੰਜਾਬ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ, ਆਰ.ਐੱਸ.ਐੱਸ. ਵਰਕਰ ਨਵੀਨ ਅਰੋੜਾ ਦੀ ਹੱਤਿਆ ਵਿੱਚ ਸ਼ਾਮਲ ਮੁੱਖ ਸ਼ੂਟਰ 'ਬਾਦਲ' ਐਨਕਾਊਂਟਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਮੁਕਾਬਲੇ ਦੌਰਾਨ ਪੁਲਸ ਦੀ ਗੋਲੀ ਵੱਜਣ ਕਾਰਨ ਸ਼ੂਟਰ ਬਾਦਲ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ, ਪੁਲਸ ਹਥਿਆਰਾਂ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਹੁੰਚੀ ਸੀ। ਇਸ ਦੌਰਾਨ, ਜਦੋਂ ਪੁਲਸ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਬਾਦਲ ਦੇ 2 ਸਾਥੀਆਂ ਨੇ ਪੁਲਸ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮੁਕਾਬਲੇ ਦੌਰਾਨ, ਆਰ.ਐੱਸ.ਐੱਸ. ਵਰਕਰ ਨਵੀਨ ਅਰੋੜਾ ਕਤਲ ਕੇਸ ਦਾ ਮੁੱਖ ਮੁਲਜ਼ਮ ਬਾਦਲ ਪੁਲਸ ਦੀ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ। ਹਾਲਾਂਕਿ, ਇਸ ਗੋਲੀਬਾਰੀ ਵਿੱਚ ਇੱਕ ਹੈੱਡ ਕਾਂਸਟੇਬਲ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਇਥੇ ਇਹ ਦੱਸ ਦਈਏ ਕਿ ਬੀਤੀ 15 ਨਵੰਬਰ ਨੂੰ ਸੀਨੀਅਰ ਆਰਐੱਸਐੱਸ ਵਰਕਰ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਫਿਰੋਜ਼ਪੁਰ ਸ਼ਹਿਰ (ਮੋਚੀ ਬਾਜ਼ਾਰ ਦੇ ਏਰੀਆ) ਵਿਚ ਯੂਕੋ ਬੈਂਕ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਵਲੋਂ ਇਸੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਸਨ। ਜਿਸ ਦੌਰਾਨ ਇਹ ਐਨਕਾਊਂਟਰ ਹੋਇਆ ਦੱਸਿਆ ਜਾ ਰਿਹਾ ਹੈ।
