ਪੰਜਾਬ ਦੀਆਂ ਜੇਲਾਂ ’ਚ ਲੱਗੇਗੀ ਪਾਠਸ਼ਾਲਾ, ਲੁਧਿਆਣਾ ਜੇਲ ਦਾ ਵੀ ਨਾਮ ਆ ਰਿਹਾ ਸਾਹਮਣੇ

08/19/2022 6:25:19 PM

ਲੁਧਿਆਣਾ (ਸਿਆਲ) : ਪੰਜਾਬ ਦੀਆਂ ਜੇਲਾਂ ਵਿਚ ਸਜ਼ਾ ਕੱਟ ਰਹੇ ਜਾਂ ਫਿਰ ਅੰਡਰ ਟ੍ਰਾਇਲ ਬੰਦੀਆਂ ਵਿਚੋਂ ਇੱਛਕ ਬੰਦੀਆਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਪੱਤਰ ’ਤੇ ਸਾਰੇ ਪ੍ਰਬੰਧ ਕਰਨ ਦੀ ਠਾਣੀ ਹੈ ਤਾਂਕਿ ਇਹ ਕੈਦੀ ਸਜ਼ਾ ਪੂਰੀ ਹੋਣ ’ਤੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਸਕਣ। ਇਸ ਕੜੀ ਵਿਚ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਕਲਾਸ ਰੂਮ ਸਥਾਪਤ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਵਿਚ ਤਾਜਪੁਰ ਰੋਡ ਦੀ ਕੇਂਦਰੀ ਜੇਲ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਖਬਰ ਹੈ ਕਿਉਂਕਿ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਜੇਲ ਪ੍ਰਸ਼ਾਸਨ ਅਤੇ ਇਸ ਦੀ ਕਾਰਜਵਿਧੀ ਵਿਚ ਨਵੀਨਤਾ ਲਿਆਉਣ ਦੇ ਯਤਨ ਵਿਚ ਹੈ ਤਾਂ ਕਿ ਪੰਜਾਬ ਦੀ ਨਵੀਂ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰ ਸਕਣ। ਇਸ ਦੇ ਅਧੀਨ ਜੇਲਾਂ ਵਿਚ ਵੱਡੇ ਪੱਧਰ ‘ਤੇ ਸੁਧਾਰ ਦੀ ਵੀ ਯੋਜਨਾ ਬਣਾਈ ਗਈ ਹੈ ਜਿਸ ਵਿਚ ਜੇਲਾਂ ਵਿਚ ਪੜ੍ਹਾਈ ਦਾ ਢਾਂਚਾ ਸੁਧਾਰਨ ਦੇ ਲਈ ਨਵੀਆਂ ਕਲਾਸਾਂ ਸਥਾਪਤ ਕੀਤੀਆਂ ਜਾ ਰਹੀ ਹੈ।

ਬੈਰਕਾਂ ਨੂੰ ਹੀ ਦਿੱਤੀ ਜਾ ਸਕਦੀ ਹੈ ਕਲਾਸਾਂ ਦੀ ਸ਼ਕਲ

ਹਾਲਾਂਕਿ ਇਸ ਯੋਜਨਾ ਦੇ ਅਧੀਨ ਕੀ-ਕੀ ਹੋਣ ਵਾਲਾ ਹੈ। ਇਹ ਤਾਂ ਅਜੇ ਪਰਦੇ ਦੇ ਪਿੱਛੇ ਹੀ ਹੈ ਪਰ ਸੂਤਰ ਕਹਿੰਦੇ ਹਨ ਕਿ ਇਸ ਯੋਜਨਾ ਦੇ ਤਹਿਤ ਜੇਲ ਦੀਆਂ ਕੁਝ ਬੈਰਕਾਂ ਨੂੰ ਕਲਾਸਾਂ ਦੀ ਸ਼ਕਲ ਦਿੱਤੀ ਜਾ ਸਕਦੀ ਹੈ ਜਿਨ੍ਹਾ ਵਿਚ 50 ਤੱਕ ਕੈਦੀ ਰੋਜ਼ਾਨਾ ਪੜ੍ਹਾਈ ਲਈ ਆ ਸਕਦੇ ਹਨ। ਇਸ ’ਤੇ ਸਰਕਾਰ ਨੂੰ ਵੱਖ ਤੋਂ ਰੈਵੇਨਿਊ ਵੀ ਖਰਚ ਕਰਨਾ ਪੈ ਸਕਦਾ ਹੈ ਜਿਸ ਦੇ ਲਈ ਸਰਕਾਰ ਤਿਆਰੀ ਦੇ ਮੂਡ ਵਿਚ ਹੈ।

ਸਾਬਕਾ ਏ.ਡੀ.ਜੀ.ਪੀ. ਮੀਣਾ ਨੇ ਵੀ ਲਈ ਸੀ ਇਗਨੂ ਦੀ ਮਦਦ

ਸਰਕਾਰ ਦੇ ਇਸ ਕਦਮ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਵਿਚ ਇਸ ਤਰ੍ਹਾਂ ਦੇ ਤਜ਼ਰਬੇ ਹੋ ਚੁੱਕੇ ਹਨ ਕਿਉਂਕਿ ਤਤਕਾਲੀ ਏ.ਡੀ.ਜੀ.ਪੀ. (ਜੇਲ) ਆਰ.ਪੀ. ਮੀਣਾ ਵੀ ਜੇਲਾਂ ਦੇ ਅੰਦਰ ਕਲਾਸਾਂ ਚਲਾਉਣ ਦੇ ਲਈ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ (ਇਗਨੂ) ਦੀ ਮਦਦ ਲੈ ਚੁੱਕੇ ਹਨ ਜੋ ਯਤਨ ਕਾਫੀ ਤੱਕ ਸਫਲ ਰਿਹਾ ਸੀ ਅਤੇ ਕਈ ਕੈਦੀਆਂ ਨੇ ਉੱਚ ਪੱਧਰ ਤੱਕ ਸਿੱਖਿਆ ਹਾਸਲ ਕੀਤੀ ਸੀ। ਹੁਣ ਉਸੇ ਨਕਸ਼ੇ ਕਦਮ ‘ਤੇ ਚੱਲ ਕੇ ਆਪ ਸਰਕਾਰ ਵੀ ਨਵੇਂ ਤਜ਼ਰਬੇ ਕਰਨ ਦੇ ਰਾਹ ਤੁਰ ਪਈ ਹੈ।


Gurminder Singh

Content Editor

Related News