ਫਿਲਮੀ ਅੰਦਾਜ਼ ''ਚ ਲੁੱਟ! ਚਾਂਦੀ ਦਾ ਕੜਾ ਲੈ ਕੇ ਭੱਜਿਆ ਸ਼ਾਤਰ ਠੱਗ, ਜਵੈਲਰ ਨੂੰ ਸੜਕ ''ਤੇ ਘੜੀਸਿਆ
Tuesday, Apr 07, 2026 - 07:03 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸ਼ਿਮਲਾਪੁਰੀ ਇਲਾਕੇ ਵਿਚ ਸਥਿਤ ਮੁੱਹਲਾ ਕੋਟ ਮੰਗਲ ਸਿੰਘ ਵਿਚ ਦਿਨ-ਦਿਹਾੜੇ ਇਕ ਅਜਿਹੀ ਵਾਰਦਾਤ ਹੋਈ, ਜਿਸ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਇਕ ਸ਼ਾਤਰ ਠੱਗ ਨੇ ਫਿਲਮੀ ਅੰਦਾਜ਼ ਵਿਚ ਨਾ ਸਿਰਫ਼ ਜਵੈਲਰ ਦੀ ਦੁਕਾਨ ਤੋਂ ਚਾਂਦੀ ਦਾ ਕੜਾ ਚੋਰੀ ਕੀਤਾ, ਸਗੋਂ ਦਿਲੇਰੀ ਦਿਖਾਉਣ ਵਾਲੇ ਦੁਕਾਨਦਾਰ ਨੂੰ ਆਪਣੀ ਬਾਈਕ ਦੇ ਪਿੱਛੇ ਕਰੀਬ ਅੱਧਾ ਕਿਲੋਮੀਟਰ ਤੱਕ ਬੇਰਹਿਮੀ ਨਾਲ ਘੜੀਸਿਆ। ਇਸ ਖੌਫਨਾਕ ਮੰਜ਼ਰ ਨੂੰ ਦੇਖ ਕੇ ਬਾਜ਼ਾਰ ਵਿਚ ਮੌਜੂਦ ਲੋਕਾਂ ਦੀ ਰੂਹ ਕੰਬ ਗਈ। ਸੜਕ 'ਤੇ ਘੜੀਸੇ ਜਾਣ ਕਾਰਨ ਪੀੜਤ ਦੁਕਾਨਦਾਰ ਲਹੂ-ਲੁਹਾਨ ਹੋ ਗਿਆ ਹੈ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਪੀੜਤ ਦੁਕਾਨਦਾਰ ਮਨੋਜ, ਜੋ ਬੱਗਾ ਜਵੈਲਰ ਦੇ ਨਾਂ 'ਤੇ ਦੁਕਾਨ ਚਲਾਉਂਦੇ ਹਨ, ਨੇ ਦੱਸਿਆ ਕਿ ਵਾਰਦਾਤ ਦੇ ਵੇਲੇ ਇਕ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਆਇਆ ਅਤੇ 32 ਗ੍ਰਾਮ ਚਾਂਦੀ ਦਾ ਕੜਾ ਦਿਖਾਉਣ ਲਈ ਕਿਹਾ। ਮਨੋਜ ਨੇ ਗਾਹਕ ਸਮਝ ਕੇ ਉਸ ਨੂੰ ਦੋ ਕੜੇ ਦਿਖਾਏ। ਕਰੀਬ 8 ਮਿੰਟ ਤੱਕ ਸ਼ਾਤਰ ਠੱਗ ਦੁਕਾਨ ਦੇ ਅੰਦਰ ਕੜੇ ਪਸੰਦ ਕਰਨ ਦਾ ਨਾਟਕ ਕਰਦਾ ਰਿਹਾ। ਇਸੇ ਦੌਰਾਨ ਉਸ ਨੇ ਆਪਣੇ ਕੰਨ 'ਤੇ ਫੋਨ ਲਗਾਇਆ ਅਤੇ ਗੱਲ ਕਰਨ ਦਾ ਡਰਾਮਾ ਕਰਦੇ ਹੋਏ ਅਚਾਨਕ ਕੜਾ ਲੈ ਕੇ ਦੁਕਾਨ ਤੋਂ ਬਾਹਰ ਵੱਲ ਦੌੜ ਲਗਾ ਦਿੱਤੀ। ਠੱਗ ਨੇ ਆਪਣੀ ਬਾਈਕ ਦੁਕਾਨ ਦੇ ਬਾਹਰ ਸਟਾਰਟ ਹੀ ਖੜ੍ਹੀ ਕੀਤੀ ਸੀ ਤਾਂ ਜੋ ਵਾਰਦਾਤ ਤੋਂ ਬਾਅਦ ਤੁਰੰਤ ਫਰਾਰ ਹੋ ਸਕੇ। ਜਿਵੇਂ ਹੀ ਮੁਲਜ਼ਮ ਬਾਈਕ 'ਤੇ ਬੈਠਣ ਲੱਗਾ, ਮਨੋਜ ਨੇ ਫੁਰਤੀ ਦਿਖਾਉਂਦੇ ਹੋਏ ਉਸ ਨੂੰ ਪਿੱਛੇ ਤੋਂ ਫੜ ਲਿਆ। ਮੁਲਜ਼ਮ ਦੇ ਸਿਰ 'ਤੇ ਖੂਨ ਸਵਾਰ ਸੀ, ਉਸ ਨੇ ਰੁਕਣ ਦੀ ਬਜਾਏ ਬਾਈਕ ਦੀ ਰਫ਼ਤਾਰ ਵਧਾ ਦਿੱਤੀ। ਮਨੋਜ ਨੇ ਹਿੰਮਤ ਨਹੀਂ ਹਾਰੀ ਅਤੇ ਬਾਈਕ ਨੂੰ ਪਿੱਛੇ ਤੋਂ ਮਜ਼ਬੂਤੀ ਨਾਲ ਫੜੀ ਰੱਖਿਆ। ਹੈਵਾਨ ਬਣੇ ਠੱਗ ਨੇ ਸ਼ਰੇਬਾਜ਼ਾਰ ਤੇਜ਼ ਰਫ਼ਤਾਰ ਬਾਈਕ ਦੌੜਾਈ ਅਤੇ ਮਨੋਜ ਨੂੰ ਕਰੀਬ 500 ਮੀਟਰ ਤੱਕ ਸੜਕ 'ਤੇ ਘੜੀਸਦਾ ਹੋਇਆ ਲੈ ਗਿਆ। ਅੰਤ ਵਿਚ ਸੱਟਾਂ ਕਾਰਨ ਮਨੋਜ ਦੀ ਪਕੜ ਢਿੱਲੀ ਹੋ ਗਈ ਅਤੇ ਮੁਲਜ਼ਮ ਫਰਾਰ ਹੋਣ ਵਿਚ ਕਾਮਯਾਬ ਰਿਹਾ।
ਵਾਰਦਾਤ ਦੀ ਇਹ ਪੂਰੀ ਘਟਨਾ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਮਾਮਲਾ ਥਾਣਾ ਡਿਵੀਜ਼ਨ ਨੰਬਰ-6 ਦੇ ਅਧਿਕਾਰ ਖੇਤਰ ਦਾ ਹੈ। ਏ.ਸੀ.ਪੀ. ਸਤਵਿੰਦਰ ਸਿੰਘ ਵਿਰਕ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਕਿ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
