ਖਸਤਾਹਾਲ ਸੜਕ ਤੋਂ ਤੰਗ ਆਏ ਪਿੰਡ ਵਾਸੀਆਂ ਨੇ BKU ਏਕਤਾ ਡਕੌਂਦਾ ਦੀ ਅਗਵਾਈ ''ਚ ਕੀਤਾ ਰੋਸ ਪ੍ਰਦਰਸ਼ਨ

Friday, Sep 02, 2022 - 10:07 PM (IST)

ਖਸਤਾਹਾਲ ਸੜਕ ਤੋਂ ਤੰਗ ਆਏ ਪਿੰਡ ਵਾਸੀਆਂ ਨੇ BKU ਏਕਤਾ ਡਕੌਂਦਾ ਦੀ ਅਗਵਾਈ ''ਚ ਕੀਤਾ ਰੋਸ ਪ੍ਰਦਰਸ਼ਨ

ਭਵਾਨੀਗੜ੍ਹ (ਕਾਂਸਲ) : ਪਿੰਡ ਭੱਟੀਵਾਲ ਖੁਰਦ ਵਿਖੇ ਤਿੰਨ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦੀ ਖਸਤਾ ਹਾਲਤ ਤੋਂ ਤੰਗ ਆਏ ਪਿੰਡ ਵਾਸੀਆਂ ਤੇ ਰਾਹੀਗਰਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਪੀ.ਡਬਲਯੂ.ਡੀ. ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਪਿੰਡ ਇਕਾਈ ਦੇ ਪ੍ਰਧਾਨ ਚਮਕੌਰ ਸਿੰਘ ਤੇ ਮੀਤ ਪ੍ਰਧਾਨ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਭੱਟੀਵਾਲ ਕਲਾਂ, ਛੰਨਾਂ ਤੇ ਪਿੰਡ ਬਲਿਆਲ ਨੂੰ ਜਾਂਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਐਕਸਿਸ ਬੈਂਕ ਬੇਗੋਵਾਲ 'ਚ 2 ਕਰੋੜ 56 ਲੱਖ ਦਾ ਘਪਲਾ, 2 ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ

ਉਨ੍ਹਾਂ ਦੱਸਿਆ ਪੀ.ਡਬਲਯੂ.ਡੀ. ਵਿਭਾਗ ਵੱਲੋਂ ਇਨ੍ਹਾਂ ਸੜਕਾਂ ਦਾ ਪੁਨਰ ਨਿਰਮਾਣ ਕਰਨ ਲਈ ਕਰੀਬ ਡੇਢ ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਪੱਥਰ ਪਾ ਕੇ ਛੱਡ ਦਿੱਤਾ ਗਿਆ। ਇਕੱਲੀ ਬਲਿਆਲ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਪ੍ਰੀਮਿਕਸ ਪਾ ਕੇ ਅੱਜ ਤੱਕ ਇਨ੍ਹਾਂ ਬਾਕੀ ਸੜਕਾਂ 'ਤੇ ਪ੍ਰੀਮਿਕਸ ਨਹੀਂ ਪਾਇਆ ਗਿਆ, ਜਿਸ ਕਾਰਨ ਪੱਥਰ ਬਾਹਰ ਨਿਕਲਣ ਕਾਰਨ ਸੜਕਾਂ ’ਚ ਫਿਰ ਟੋਏ ਪੈ ਗਏ ਹਨ। ਪੱਥਰਾਂ ਨਾਲ ਵਾਹਨਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਹਾਦਸੇ ਵੀ ਵਪਾਰ ਰਹੇ ਹਨ, ਜਿਸ ਕਾਰਨ ਇਨ੍ਹਾਂ ਸੜਕਾਂ 'ਤੇ ਜਾਨ ਜੋਖ਼ਮ ’ਚ ਪਾ ਕੇ ਸਫ਼ਰ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬਰਸਾਤ ਦਾ ਬਹਾਨਾ ਬਣਾ ਕੇ ਇਸ ਸੜਕ 'ਤੇ ਪ੍ਰੀਮਿਕਸ ਨਹੀਂ ਪਾਇਆ ਗਿਆ, ਜਦੋਂ ਕਿ ਹੁਣ ਤਾਂ ਬਰਸਾਤਾਂ ਦਾ ਮੌਸਮ ਵੀ ਚਲਾ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਬੰਧਿਤ ਵਿਭਾਗ ਨੇ ਇਨ੍ਹਾਂ ਸੜਕਾਂ 'ਤੇ ਜਲਦ ਪ੍ਰੀਮਿਕਸ ਨਹੀਂ ਪਾਇਆ ਤਾਂ ਜਥੇਬੰਦੀ ਵੱਲੋਂ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ 7 'ਤੇ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮੇਜਰ ਸਿੰਘ, ਰੁਪਿੰਦਰ ਸਿੰਘ ਰਿੰਪੀ, ਗਗਨਦੀਪ ਸਿੰਘ, ਸੁਖਬੀਰ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ ਤੇ ਗਗਨਦੀਪ ਸਿੰਘ ਸਮੇਤ ਕਈ ਹੋਰ ਪਿੰਡ ਵਾਸੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News