ਮ੍ਰਿਤਕ ਦੇ ਵਾਰਿਸਾਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਕੀਤਾ ਰੋਸ ਪ੍ਰਦਰਸ਼ਨ
Friday, Oct 05, 2018 - 12:56 AM (IST)

ਮੋਗਾ, (ਗੋਪੀ ਰਾਊਕੇ)- ਜ਼ਿਲਾ ਮੋਗਾ ਦੇ ਪਿੰਡ ਦੁਸਾਂਝ ਵਿਖੇ ਤਿੰਨ ਦਿਨ ਪਹਿਲਾਂ ਇਕ ਨਾਬਾਲਗ ਕੁਡ਼ੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਘਿਰੇ ਚਮਕੌਰ ਸਿੰਘ ਦੀ ਕਥਿਤ ਤੌਰ ’ਤੇ ਪੀਡ਼ਤ ਲਡ਼ਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੇਰਹਿਮੀ ਨਾਲ ਕੁੱਟ-ਮਾਰ ਕਰਨ ਮਗਰੋਂ ਜਿਥੇ ਬੀਤੇ ਕੱਲ ਨੌਜਵਾਨ ਦੀ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਮੌਤ ਹੋ ਗਈ ਸੀ, ਉੱਥੇ ਦੂਜੇ ਪਾਸੇ ਪੀਡ਼੍ਹਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਨੌਜਵਾਨ ਦੀ ਲਾਸ਼ ਰੱਖਕੇ ਜਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਲਡ਼ਕੇ ਨੂੰ ਮੋਟਰ ’ਤੇ ਪਾਣੀ ਭਰਦੇ ਸਮੇਂ ਐਨੀਂ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ, ਜਿਸ ਕਰ ਕੇ ਉਸਦੀ ਮੌਤ ਹੋ ਗਈ। ਲਡ਼ਕੇ ਦੇ ਪਿਤਾ ਕਾਲਾ ਸਿੰਘ ਅਤੇ ਭਰਾ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਦੋਸ਼ੀ ਸਾਡੇ ਲਡ਼ਕੇ ਨੂੰ ਮੋਟਰ ਤੋਂ ਘਡ਼ੀਸਕੇ ਆਪਣੇ ਘਰ ਲੈ ਗਏ ਅਤੇ ਉਦੋਂ ਤੱਕ ਬੇਰਹਿਮੀ ਨਾਲ ਸਾਡੇ ਜਿਗਰ ਦੇ ਟੋਟੇ ਨੂੰ ਕੁੱਟਦੇ ਰਹੇ ਜਦੋਂ ਤੱਕ ਉਹ ਬੇਸੁਧ ਨਹੀਂ ਹੋ ਗਿਆ। ਉਨ੍ਹਾਂ ਕਿਹਾ ਕਿ ਜੋ ਸਾਡੇ ’ਤੇ ਲਡ਼ਕੀ ਪਰਿਵਾਰ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਰਾਸਰ ਧੱਕਾ ਹੈ। ਸਾਡੇ ’ਤੇ ਦਰਜ ਮਾਮਲੇ ਨੂੰ ਰੱਦ ਕਰਕੇ ਜਿਨ੍ਹਾਂ ਨੇ ਸਾਡੇ ਪੁੱਤ ਦੀ ਕੁੱਟ-ਮਾਰ ਕੀਤੀ ਹੈ, ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਹੋਰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਡੀ. ਐੱਸ. ਪੀ. ਸਤਪਾਲ ਸਿੰਘ ਅਤੇ ਡੀ. ਐੱਸ. ਪੀ. ਧਰਮਕੋਟ ਅਜੇਰਾਜ ਸਿੰਘ ਨੇ ਮੌਕੇ ’ਤੇ ਪੁੱਜਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਪੀਡ਼ਤਾ ਨੂੰ ਪੂਰਾ ਇਨਸਾਫ ਦੁਆਇਆ ਜਾਵੇਗਾ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ ਅਤੇ ਮ੍ਰਿਤਕ ਦਾ ਸਸਕਾਰ ਕਰਨ ਲਈ ਸਹਿਮਤ ਹੋ ਗਈ।