ਬੇਰੋਜ਼ਗਾਰ ਲਾਈਨਮੈਨਾਂ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ
Saturday, Sep 22, 2018 - 03:01 AM (IST)

ਕੋਟਕਪੂਰਾ/ਮਲੋਟ, (ਨਰਿੰਦਰ, ਕਾਠਪਾਲ)- ਬੇਰੋਜ਼ਗਾਰ ਲਾਈਨਮੈਨ ਯੂਨੀਅਨ ਜ਼ਿਲਾ ਫ਼ਰੀਦਕੋਟ ਦੀ ਮੀਟਿੰਗ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਮਡ਼ਾਕ ਦੀ ਅਗਵਾਈ ਹੇਠ ਮਿਊਂਸੀਪਲ ਪਾਰਕ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਰਹਿੰਦੇ ਮੈਂਬਰਾਂ ਨੂੰ ਰੋਜ਼ਗਾਰ ਦਿਵਾਉਣ ਲਈ ਅਤੇ ਯੂਨੀਅਨ ਨੂੰ ਮਜ਼ਬੂਤ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਇਸ ਸਮੇਂ ਸੂਬਾ ਮੀਤ ਪ੍ਰਧਾਨ ਸੋਮਾ ਸਿੰਘ ਭਡ਼ੋ ਨੇ ਬੇਰੋਜ਼ਗਾਰ ਲਾਈਨਮੈਨ ਲੰਮੇ ਸਮੇਂ ਤੋਂ ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਮੌਕੇ ਦੀਆਂ ਸਰਕਾਰਾਂ ਨੇ ਹਮੇਸ਼ਾ ਰੋਜ਼ਗਾਰ ਦੇਣ ਦੀ ਥਾਂ ਲਾਰੇ, ਡਾਂਗਾਂ, ਜੇਲਾਂ ਹੀ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ 10 ਸਾਲਾਂ ਬਾਅਦ ਸੱਤਾ ’ਚ ਆਈ ਹੈ, ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦੇ ਫਾਰਮ ਭਰ ਕੇ ਪੰਜਾਬ ਦੇ ਬੇਰੋਜ਼ਗਾਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਇਸੇ ਤਰ੍ਹਾਂ ਬੇਰੋਜ਼ਗਾਰ ਲਾਈਨਮੈਨ ਵੀ ਆਪਣੇ-ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਸੂਬਾ ਸਕੱਤਰ ਭੋਲਾ ਸਿੰਘ ਖਾਲਸਾ ਅਤੇ ਮੁੱਖ ਸਲਾਹਕਾਰ ਧਰਾਂਗਵਾਲਾ ਨੇ ਦੱਸਿਆ ਕਿ 2016 ’ਚ ਪਟਿਆਲੇ ਦੇ ਚੱਲਦੇ ਸੰਘਰਸ਼ ਦੌਰਾਨ ਮੌਜੂਦਾ ਸਰਕਾਰ ਦੇ ਮੰਤਰੀ ਜਿਵੇਂ ਮਹਾਰਾਣੀ ਪ੍ਰਨੀਤ ਕੌਰ, ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੌਤ ਅਤੇ ਹੋਰ ਸੀਨੀਅਰ ਕਾਂਗਰਸੀ ਆਏ ਸਨ ਅਤੇ ਉਨ੍ਹਾਂ ਨੇ ਵਿਸ਼ਵਾਸ ਦੁਆਇਆ ਸੀ ਕਿ ਸਾਡੀ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਪੁਰਾਣੇ ਲਾਈਨਮੈਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਉਹ ਵੀ ਆਪਣੇ ਵਾਅਦਿਆਂ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਣ ਵੀ ਵਾਰ-ਵਾਰ ਪੰਜਾਬ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਕਾਰਵਾਈ ਨਾ ਹੋਣ ’ਤੇ ਯੂਨੀਅਨ ਮੈਂਬਰਾਂ ਦੇ ਮਨਾਂ ਵਿਚ ਪੰਜਾਬ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਚੱਲ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਉਣ ਵਾਲੇ ਦਿਨਾਂ ਵਿਚ ਲਾਈਨਮੈਨ ਦੀਆਂ ਪੋਸਟਾਂ ’ਚ ਵਾਧਾ ਕਰ ਕੇ ਪੁਰਾਣੇ ਉਮੀਦਵਾਰਾਂ ਨੂੰ ਰੋਜ਼ਗਾਰ ਨਾ ਦਿੱਤਾ ਤਾਂ ਯੂਨੀਅਨ ਪਹਿਲਾਂ ਵਾਂਗ ਪਰਿਵਾਰਾਂ ਸਮੇਤ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਬੋਹਡ਼ ਸਿੰਘ ਡੋਡ, ਜਗਸੀਰ ਭਗਤੂਆਣਾ, ਸੰਜੀਵ ਸ਼ਰਮਾ, ਕੁਲਦੀਪ ਖਾਰਾ, ਅਰਮਾਨ ਖ਼ਾਲਸਾ, ਹਰਭਜਨ ਸਿੰਘ, ਤਾਰਾ ਚੰਦ, ਬਲਰਾਜ ਸਿੰਘ ਅਤੇ ਬਲਜੀਤ ਸਿੰਘ , ਨੌਨਿਹਾਲ ਸਿੰਘ, ਦੇਸ ਰਾਜ, ਪ੍ਰਦੀਪ, ਕੰਵਲਜੀਤ ਸ਼ਰਮਾ, ਧਰਮਪਾਲ, ਮਹਿੰਦਰ ਪਾਲ, ਜਗਮੀਤ ਸ਼ਰਮਾ, ਦਰਸ਼ਨ ਰਾਮ ਅਤੇ ਹੋਰ ਹਾਜ਼ਰ ਸਨ। ਉਧਰ, ਬੇਰੋਜ਼ਗਾਰ ਲਾਈਨਮੈਨ ਯੂਨੀਅਨ, ਪੰਜਾਬ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਪ੍ਰਧਾਨ ਮਨਮੋਹਨ ਸਿੰਘ ਚੌਹਾਨ ਦੀ ਅਗਵਾਈ ਹੇਠ ਅਨਾਜ ਮੰਡੀ ਮਲੋਟ ਵਿਖੇ ਹੋਈ, ਜਿਸ ਦੌਰਾਨ ਪੁਰਾਣੇ ਸਾਥੀਆਂ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ ਅਤੇ ਯੂਨੀਅਨ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰੇ ਕੀਤੇ ਗਏ।