ਚਿੱਟੇ ਦੀ ਤਸਕਰੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਲਾਇਆ ਧਰਨਾ

05/27/2019 3:56:33 PM

ਨਾਭਾ (ਰਾਹੁਲ)—ਪੰਜਾਬ ਦੀ ਨੌਜਵਾਨ ਪੀੜੀ ਦਿਨੋਂ-ਦਿਨ ਚਿੱਟੇ ਦੇ ਨਸ਼ੇ 'ਚ ਗਰਕ ਹੋ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੀਆਂ ਹਨ। ਦੂਜੇ ਪਾਸੇ ਪੰਜਾਬ ਦੀ ਸਰਕਾਰ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ 'ਚ ਹੋ ਰਹੀਆਂ ਮੌਤਾਂ ਪੰਜਾਬ ਸਰਕਾਰ ਦੀ ਪੋਲ ਖੋਲ ਰਹੀਆਂ ਹਨ। 
ਦੱਸ ਦੇਈਏ ਕਿ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦੀ ਸੈਹਸੀ ਬਰਾਦਰੀ ਅਤੇ ਲੋਕ ਚਿੱਟੇ ਦੀ ਤਸਕਰੀ ਤੋਂ ਬੇਹੱਦ ਦੁੱਖੀ ਹਨ, ਕਿਉਂਕਿ ਇਸ ਪਿੰਡ ਦੀਆਂ ਔਰਤਾਂ ਧੱੜਲੇ ਨਾਲ ਨਸ਼ਾ ਵੇਚ ਰਹੀਆਂ ਹਨ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਉਨ੍ਹਾਂ ਨੂੰ ਰੋਕਦੇ ਹਨ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਦੇ ਰੋਸ ਵਜੋਂ ਨਾਭਾ ਗੋਬਿੰਦਗੜ੍ਹ ਮਾਰਗ 'ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਚੱਕਾ ਜਾਮ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਕੁਝ ਪੁਲਸ ਮੁਲਾਜ਼ਮਾਂ ਦੀ ਮਿਲੀ ਭੁਗਤ ਦੇ ਦੋਸ਼ ਲਗਾਏ ਹਨ। ਹੈਰਾਨੀ ਉਸ ਸਮੇਂ ਹੋਈ ਜਦੋਂ ਨਸ਼ਾ ਤਸਕਰੀ ਕਰਨ ਵਾਲੀ ਔਰਤ ਨੇ ਧਰਨੇ ਤੇ ਬੈਠੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਨਸ਼ਾ ਤਾਂ ਵਿਕੇਗਾ ਹੀ ਤੁਸੀਂ ਜੋ ਮਰਜ਼ੀ ਕਰ ਲਓ। ਦੂਜੇ ਪਾਸੇ ਨਾਭਾ ਸਦਰ ਥਾਣਾ ਦੇ ਐੱਸ.ਐੱਚ.ਓ. ਸਸੀ ਕਪੂਰ ਦਾ ਪੱਖ ਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਚਿੱਟੇ ਕਰਕੇ ਨਹੀਂ ਲਗਾਇਆ ਅਤੇ ਉਨ੍ਹਾਂ ਨੇ ਬਾਅਦ 'ਚ ਭਰੋਸਾ ਦਿਵਾਇਆ ਕਿ ਜੋ ਨਸ਼ਾ ਵੇਚ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ 'ਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ, ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਅਤੇ ਪਿੰਡ ਵਾਸੀ ਗਗਨਜੀਤ ਸਿੰਘ ਨੇ ਕਿਹਾ ਕਿ ਪਿੰਡ ਦੀਆਂ ਔਰਤਾਂ ਵਲੋਂ ਸ਼ਰੇਆਮ ਚਿੱਟਾ, ਭੁੱਕੀ, ਸਲਫੇ ਦੀ ਤਸਕਰੀ ਕੀਤੀ ਜਾਂਦੀ ਹੈ।


Shyna

Content Editor

Related News