ਪੈਰੋਲ ’ਤੇ ਆਏ ਕੈਦੀ ਨੇ ਬਦਫੈਲੀ ਕਰਨ ਤੋਂ ਬਾਅਦ ਸਾਥੀ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰਿਆ, ਗ੍ਰਿਫਤਾਰ
Monday, Oct 22, 2018 - 06:53 AM (IST)

ਲੁਧਿਆਣਾ, (ਮਹੇਸ਼)- ਨਗਰ ’ਚ ਹੋਈ ਸਨਸਨੀਖੇਜ਼ ਘਟਨਾ ’ਚ ਸ਼ਨੀਵਾਰ ਨੂੰ ਪੈਰੋਲ ’ਤੇ ਜੇਲ ’ਚੋਂ ਬਾਹਰ ਆਏ ਇਕ ਸਜ਼ਾਯਾਫਤਾ ਮੁਲਜ਼ਮ ਖੇਤ ’ਚ ਕੰਮ ਕਰਨ ਵਾਲੇ ਆਪਣੇ 18 ਸਾਲਾ ਸਾਥੀ ਨਾਲ ਬਦਫੈਲੀ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਨੇ ਮੁਲਜ਼ਮ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਪਰਸ, 1720 ਰੁਪਏ ਦੀ ਨਕਦੀ, ਮ੍ਰਿਤਕ ਦਾ ਅਾਧਾਰ ਕਾਰਡ ਬਰਾਮਦ ਕਰ ਲਿਆ ਹੈ।
ਘਟਨਾ ਥਾਣਾ ਸਦਰ ਦੇ ਅਧੀਨ ਪਿੰਡ ਠੱਕਰਵਾਲ ਦੀ ਹੈ। ਅੈਡੀਸ਼ਨਲ ਡੀ. ਸੀ. ਪੀ. ਸੁਰਿੰਦਰ ਲਾਂਬਾ ਅਤੇ ਅਸਿਸਟੈਂਟ ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਖੇਤ ਦੇ ਮਾਲਕ ਹਰਦਿਆਲ ਸਿੰਘ ਨੇ ਫੋਨ ’ਤੇ ਪੁਲਸ ਨੂੰ ਸੂਚਨਾ ਦਿੱਤੀ ਕਿ ਮੇਹੰਤ ਕੁਮਾਰ ਨਾਮਕ ਇਕ ਮਜ਼ਦੂਰ ਦਾ ਕਤਲ ਹੋ ਗਿਆ, ਜਿਸ ਦੀ ਲਾਸ਼ ਉਸ ਦੇ ਖੇਤ ਮੋਟਰ ਵਾਲੇ ਕਮਰੇ ਵਿਚ ਪਈ ਹੈ, ਜਿਥੇ ਉਹ ਰਹਿੰਦਾ ਸੀ। ਸੂਚਨਾ ਮਿਲਣ ’ਤੇ ਪੁਲਸ ਤੁਰੰਤ ਘਟਨਾ ਸਥਾਨ ’ਤੇ ਪੁੱਜੀ। ਮੇਹੰਤ ਦੀ ਲਾਸ਼ ਮੰਜੇ ’ਤੇ ਪਈ ਸੀ। ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੇਹੰਤ ਪਿਛਲੇ ਕੁੱਝ ਦਿਨਾਂ ਤੋਂ ਹਰਦਿਆਲ ਦੇ ਖੇਤ ਵਿਚ ਰਹਿ ਰਿਹਾ ਸੀ ਅਤੇ ਪਿੰਡ ਵਿਚ ਹੀ ਦਿਹਾਡ਼ੀ ਦਾ ਕੰਮ ਕਰਦਾ ਸੀ, ਜਿੱਥੇ ਪਰਮਜੀਤ ਵੀ ਉਸ ਦੇ ਨਾਲ ਕੰਮ ਕਰਦਾ ਸੀ। ਸ਼ਨੀਵਾਰ ਨੂੰ ਉਹ ਕੰਮ ’ਤੇ ਆਇਆ ਸੀ। ਦੁਪਹਿਰ ਦਾ ਖਾਣਾ ਖਾਣ ਲਈ ਗਿਆ ਸੀ ਪਰ ਵਾਪਸ ਕੰਮ ’ਤੇ ਨਹੀਂ ਆਇਆ। ਸ਼ਾਮ ਨੂੰ ਲਗਭਗ 6 ਵਜੇ ਹਰਦਿਆਲ ਖੇਤ ਵਿਚ ਆਇਆ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਿਆ।
ਥਾਣਾ ਇੰਚਾਰਜ ਸੁਖਪਾਲ ਸਿੰਘ ਬਰਾਡ਼ ਨੇ ਦੱਸਿਆ ਕਿ ਜਾਂਚ ਦੌਰਾਨ ਪਰਮਜੀਤ ਰਡਾਰ ’ਤੇ ਆ ਗਿਆ, ਜਦ ਉਸ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਦਫੈਲੀ ਕੀਤੀ, ਜਦ ਉਸ ਨੇ ਰੌਲਾ ਪਾਉਣ ਦੀ ਧਮਕੀ ਦਿੱਤੀ ਤਾਂ ਉਸ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਬੱਚੇ ਨਾਲ ਬਦਫੈਲੀ ਦੇ ਮਾਮਲੇ ’ਚ ਦੋਸ਼ੀ ਨੂੰ ਹੋਈ ਸੀ 10 ਸਾਲ ਦੀ ਸਜ਼ਾ
ਲਾਂਬਾ ਨੇ ਦੱਸਿਆ ਪਰਮਜੀਤ ਦਾ ਅਪਰਾਧਕ ਰਿਕਾਰਡ ਹੈ। ਉਸ ਨੂੰ 10 ਸਾਲ ਦੇ ਬੱਚੇ ਨਾਲ ਬਦਫੈਲੀ ਕਰਨ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਹੋਈ ਹੈ। ਉਸ ਦੇ ਖਿਲਾਫ ਸੰਗਰੂਰ ਦੇ ਚੀਮਾ ਥਾਣੇ ਵਿਚ 5 ਅਪ੍ਰੈਲ 2015 ਨੂੰ ਕੇਸ ਦਰਜ ਹੋਇਆ ਸੀ, ਜਿਸ ਵਿਚ ਉਹ ਕੁੱਝ ਦਿਨ ਪਹਿਲਾਂ ਹੀ ਛੁੱਟੀ (ਪੈਰੋਲ) ’ਤੇ ਬਾਹਰ ਆਇਆ ਸੀ ਅਤੇ ਦਿਹਾਡ਼ੀ ’ਤੇ ਕੰਮ ਕਰਨ ਲੱਗਾ।