ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਪਿੰਡ ’ਚ ਪੁਲਸ ਦੀ ਰੇਡ, 16 ਹਜ਼ਾਰ ਲਿਟਰ ਲਾਹਣ ਬਰਾਮਦ
Saturday, Jan 09, 2021 - 05:33 PM (IST)

ਫਿਰੋਜ਼ਪੁਰ(ਕੁਮਾਰ): ਆਬਕਾਰੀ ਵਿਭਾਗ ਫਿਰੋਜ਼ਪੁਰ ਦੀ ਪੁਲਸ ਨੇ ਐੱਚ.ਸੀ. ਹਰਭਿੰਦਰ ਸਿੰਘ ਦੀ ਅਗਵਾਈ ਹੇਠ ਸਤਲੁਜ ਦਰਿਆ ਦੇ ਸਰਹੱਦੀ ਪਿੰਡ ਚਾਂਦੀ ਵਾਲਾ ’ਚ ਗੁਪਤ ਸੂਚਨਾ ਦੇ ਅਧਾਰ ’ਤੇ ਰੇਡ ਕਰਦੇ ਹੋਏ 16 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਚ.ਸੀ. ਹਰਿਭੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੁੱਖ ਸਿੰਘ, ਗੁਰਚਰਨ ਸਿੰਘ ਅਤੇ ਕਿੱਕਰ ਸਿੰਘ ਵਾਸੀ ਪਿੰਡ ਝੁੱਗੇ, ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦੇ ਹਨ ਤੇ ਇਸ ਸਮੇਂ ਸਰਹੱਦੀ ਪਿੰਡ ਚਾਂਦੀ ਵਾਲਾ ’ਚ ਸਤਲੁਜ ਦਰਿਆ ਦੀ ਫਾਟ ਦੇ ਪਾਰ ਸਰਕੰਡਿਆਂ ’ਚ ਸੁਨਸਾਨ ਜਗ੍ਹਾ ’ਤੇ ਡਿੱਗੀਆਂ ਬਣਾ ਕੇ ਪਲਾਸਟਿਕ ਦੀਆ ਤਰਪਾਲਾਂ ’ਚ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਅਧਾਰ ’ਤੇ ਜਦ ਉਨ੍ਹਾਂ ਨੇ ਪੁਲਸ ਪਾਰਟੀ ਦੇ ਨਾਲ ਦੱਸੀ ਗਈ ਜਗ੍ਹਾ ’ਤੇ ਰੇਡ ਕੀਤਾ ਤਾਂ ਉਥੋਂ 16 ਹਜ਼ਾਰ ਲਿਟਰ ਲਾਹਣ ਬਰਾਮਦ ਹੋਈ, ਜਦਕਿ ਨਜਾਇਜ਼ ਸ਼ਰਾਬ ਤਿਆਰ ਕਰਨ ਦਾ ਧੰਦਾ ਕਰਨ ਵਾਲੇ ਨਾਮਜ਼ਦ ਲੋਕ ਪੁਲਸ ਨੂੰ ਦੇਖ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਨੂੰ ਲੈ ਕੇ ਪੁਲਸ ਵੱਲੋਂ ਗੁਰਮੁੱਖ ਸਿੰਘ, ਗੁਰਚਰਨ ਸਿੰਘ ਅਤੇ ਕਿੱਕਰ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ’ਚ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।