ਪੁਲਸ ਨੇ ਨਿਰੰਕਾਰੀ ਸਤਿਸੰਗ ਭਵਨਾਂ ’ਚ ਵਧਾਈ ਸੁਰੱਖਿਆ

Monday, Nov 19, 2018 - 06:18 AM (IST)

ਪੁਲਸ ਨੇ ਨਿਰੰਕਾਰੀ ਸਤਿਸੰਗ ਭਵਨਾਂ ’ਚ ਵਧਾਈ ਸੁਰੱਖਿਆ

ਫਿਰੋਜ਼ਪੁਰ, (ਕੁਮਾਰ, ਮਨਦੀਪ, ਮਲਹੋਤਰਾ,  ਕੁਲਦੀਪ, ਪਰਮਜੀਤ,ਸ਼ੈਰੀ)– ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਪਿੰਡ ’ਚ ਚੱਲ ਰਹੇ ਨਿਰੰਕਾਰੀ ਸਤਿਸੰਗ ਵਿਚ 2 ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਬੰਬ ਸੁੱਟਣ ਤੋਂ ਬਾਅਦ ਹੋਏ ਵਿਸਫੋਟ ਉਪਰੰਤ ਜ਼ਿਲਾ ਫਿਰੋਜ਼ਪੁਰ ’ਚ ਪੁਲਸ ਵੱਲੋਂ ਨਿਰੰਕਾਰੀ ਸਤਿਸੰਗ ਭਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਸਰੇ ਪਾਸੇ ਇਸ ਘਟਨਾ ਨੂੰ ਲੈ ਕੇ ਸਤਿਸੰਗ ਘਰ ਫਿਰੋਜ਼ਪੁਰ ਸ਼ਹਿਰ ਦੇ ਪ੍ਰਮੁੱਖ ਸੇਵਾਦਾਰ ਨਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਕਿਹਾ ਕਿ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ’ਚ ਜੁਟਿਆ ਹੋਇਆ ਹੈ ਅਤੇ ਮਨੁੱਖਤਾ ਦੇ ਭਲੇ ਲਈ ਸੰਦੇਸ਼ ਦੇ ਰਹੇ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ’ਤੇ ਬੰਬ ਵਿਸਫੋਟ ਬਹੁਤ ਨਿੰਦਾਯੋਗ ਹੈ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ.  ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ ’ਚ ਸੰਤ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਭਰ ਵਿਚ ਸੰਤ ਨਿਰੰਕਾਰੀ ਸਤਿਸੰਗ ਘਰ ਹੈ, ਜਿਨ੍ਹਾਂ ਦੀ ਲਿਸਟ ਪ੍ਰਬੰਧਕਾਂ ਵੱਲੋਂ ਫਿਰੋਜ਼ਪੁਰ ਪੁਲਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। 
  ਜਲਾਲਾਬਾਦ, (ਨਿਖੰਜ)–ਸ੍ਰੀ  ਅੰਮ੍ਰਿਤਸਰ ਸਾਹਿਬ  ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ’ਚ ਸੰਤ ਨਿਰੰਕਾਰੀ ਭਵਨ ’ਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜ਼ਿਲਾ ਫਾਜ਼ਿਲਕਾ ਦੇ ਸੀਨੀਅਰ ਪੁਲਸ ਕਪਤਾਨ ਡਾ. ਕੇਤਲ ਬਲੀ ਰਾਮ ਪਾਟਿਲ  ਦੇ ਨਿਰਦੇਸ਼ਾਂ ਤਹਿਤ  ਜਲਾਲਾਬਾਦ  ਪੁਲਸ ਪ੍ਰਸ਼ਾਸਨ   ਵੱਲੋਂ ਲੋਕਾਂ ਦੀ ਸੁਰੱਖਿਆਂ ਸਬੰਧੀ ਪੁਲਸ ਫੋਰਸ ਦੇ   ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਅਣਸੁੱਖਿਆਵੀ ਘਟਨਾ ਨਾ ਵਾਪਰ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸੀਨੀਅਰ ਪੁਲਸ ਕਪਤਾਨ ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ   ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਅਤੇ ਹਰੇਕ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ   ਸਥਾਨਕ ਪੁਲਸ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਹੈ।  
 ਤਲਵੰਡੀ ਭਾਈ, (ਗੁਲਾਟੀ)–ਸ੍ਰੀ ਅੰਮ੍ਰਿਤਸਰ ਜ਼ਿਲੇ ’ਚ ਸੰਤ ਨਿਰੰਕਾਰੀ ਭਵਨ ’ਤੇ ਹੋਏ ਹਮਲੇ ਤੋਂ ਬਾਅਦ ਸਥਾਨਕ ਪੁਲਸ ਨੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਜਿਥੇ ਨਿਰੰਕਾਰੀ ਭਵਨ ਅੱਗੇ ਪੁਲਸ ਤਾਇਨਾਤ ਕੀਤੀ ਹੈ, ਉਥੇ ਫਿਰੋਜ਼ਪੁਰ-ਲੁਧਿਆਣਾ ਰੋਡ ਅਤੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਕੌਮੀਸ਼ਾਹ ਮਾਰਗ ’ਤੇ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। 
ਇਸ ਸਬੰਧੀ  ਐੱਸ. ਐੱਚ. ਓ. ਅਭੀਨਵ ਚੌਹਾਨ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਦੇ ਧਮਾਕੇ ਤੋਂ ਬਾਅਦ ਨਾਕਾਬੰਦੀ ਕੀਤੀ ਗਈ, ਜਿਥੇ ਹਰ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲਸ ਅਤੇ ਟਰੈਫਿਕ ਪੁਲਸ ਦੇ ਮੁਲਾਜ਼ਮ ਮੌਜੂਦ ਸਨ।  
 ਗੁਰੂਹਰਸਹਾਏ,  (ਆਵਲਾ)–ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਵਿਚ ਬੰਬ ਬਲਾਸਟ ਹੋਣ ਕਾਰਨ ਪੰਜਾਬ ਵਿਚ ਹਾਈ ਅਲਰਟ ਹੁੰਦੇ ਹੀ ਗੁਰੂਹਰਸਹਾਹੇ ਦੇ ਨਿਰੰਕਾਰੀ ਭਵਨ ਤੋਂ ਕੁਝ ਦੂਰੀ ’ਤੇ ਵਿਸ਼ਵਕਰਮਾ ਚੌਕ ਫਰੀਦਕੋਟ ਰੋਡ ’ਤੇ ਡੀ. ਐੱਸ. ਪੀ. ਜਸਵੀਰ ਸਿੰਘ ਤੇ ਥਾਣਾ ਮੁਖੀ ਰਮਨ ਕੁਮਾਰ ਨੇ ਖੁਦ ਪੁਲਸ ਪਾਰਟੀ ਨਾਲ ਨਾਕਾਬੰਦੀ ਕੀਤੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ। ਖਬਰ ਲਿਖੇ ਜਾਣ ਤੱਕ ਮਹਿਲਾ ਪੁਲਸ ਵੱਲੋਂ ਵੀ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਚੰਗੀ ਤਰ੍ਹਾਂ ਚੈਕਿੰਗ ਅਤੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ। 


Related News