ਸਕਿਓਰਿਟੀ ਲਈ ਸ਼ੋਅਰੂਮ ਮਾਲਕ ਨੇ ਰਚਿਆ ਹੈਰਾਨੀਜਨਕ ਡਰਾਮਾ, ਪੁਲਸ ਨੇ ਕੀਤਾ ਪਰਦਾਫਾਸ਼
Monday, May 12, 2025 - 05:09 PM (IST)

ਬਟਾਲਾ (ਗੁਰਪ੍ਰੀਤ)- ਬਟਾਲਾ 'ਚ ਬੀਤੇ ਦਿਨੀਂ ਫੈਸ਼ਨ ਲੰਡਨ ਨਾਂ ਦੇ ਸ਼ੋਅਰੂਮ ਦੇ ਮਾਲਕ ਵਰਿੰਦਰ ਸਿੰਘ ਉਰਫ ਵਿੱਕੀ ਨੂੰ ਧਰਮਾ ਸੰਧੂ ਨਾਮ ਦੇ ਗੈਂਗਸਟਰ ਵੱਲੋਂ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਸਬੰਧੀ ਕਾਲ ਕੀਤੀ ਗਈ ਸੀ ਅਤੇ ਫਿਰੌਤੀ ਦੀ ਰਕਮ ਅਦਾ ਨਾ ਕਰਨ 'ਤੇ ਅਣਪਛਾਤੇ ਮੋਟਰਸਾਇਕਲ ਚਾਲਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਇਸ ਵਾਰਦਾਤ ਤੋਂ ਬਾਅਦ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਪੁਲਸ ਵਲੋਂ ਜਦ ਇਸ ਮਾਮਲੇ 'ਚ ਕੇਸ ਦਰਜ ਕਰ ਪੂਰੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ।
ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਦੌਰਾਨ ਤਫਤੀਸ਼ ਉਪਰੋਕਤ ਸ਼ੋਅਰੂਮ 'ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਤਾਂ ਮੁਲਜ਼ਮਾਂ ਦੇ ਇੰਕਸ਼ਾਫ ਤੋਂ ਇਹ ਪਾਇਆ ਗਿਆ ਕਿ ਰਣਜੋਧ ਸਿੰਘ ਉਰਫ਼ ਜੋਧਾ ਪੁੱਤਰ ਪ੍ਰਗਟ ਸਿੰਘ ਵਾਸੀ ਜੋੜਾ ਸਿੰਘਾ ਥਾਣਾ ਕਿਲਾ ਲਾਲ ਸਿੰਘ ਹਾਲ ਇੰਗਲੈਂਡ ਦਾ ਸਬੰਧ ਫ਼ੈਸ਼ਨ ਲੰਡਨ ਸ਼ੋਅਰੂਮ ਬਟਾਲਾ ਦੇ ਮਾਲਕ ਵਰਿੰਦਰ ਸਿੰਘ ਉਰਫ਼ ਵਿੱਕੀ ਨਾਲ ਹੈ। ਜੋ ਵਰਿੰਦਰ ਸਿੰਘ ਨੇ ਪੁਲਸ ਸਕਿਓਰਟੀ ਹਾਸਲ ਕਰਨ ਲਈ ਰਣਜੋਧ ਸਿੰਘ ਜੋਧਾ ਨਾਲ ਸਲਾਹ ਕੀਤੀ।
ਇਹ ਵੀ ਪੜ੍ਹੋ- ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ
ਰਣਜੋਧ ਸਿੰਘ ਨੇ ਅੱਗੋਂ ਕੈਨੇਡਾ ਵਿੱਚ ਬੈਠੇ ਆਪਣੇ ਦੋਸਤ ਵਿਸ਼ਾਲਦੀਪ ਸਿੰਘ ਵਾਸੀ ਭਿੰਡਰ ਥਾਣਾ ਖਿਲਚੀਆਂ ਨਾਲ ਗੱਲ ਕੀਤੀ। ਜੋ ਵਿਸ਼ਾਲਦੀਪ, ਰਣਜੋਧ ਸਿੰਘ ਅਤੇ ਸ਼ੋਅਰੂਮ ਮਾਲਕ ਵਰਿੰਦਰ ਸਿੰਘ ਨੇ ਮਿਤੀ 29. ਅਪ੍ਰੈਲ ਦੀ ਤਾਰੀਖ ਫਿਕਸ ਕੀਤੀ।ਅੱਗੋਂ ਵਿਸ਼ਾਲਦੀਪ ਨੇ ਇਸ ਕੰਮ ਨੂੰ ਅੰਜ਼ਾਮ ਦੇਣ ਲਈ (1) ਰਾਜਬੀਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਖਲਚੀਆ (2) ਬਲਵਿੰਦਰ ਸਿੰਘ ਉਰਫ ਰਾਹੁਲ ਸੇਖੋਂ ਪੁੱਤਰ ਅਮਰੀਕ ਸਿੰਘ ਵਾਸੀ ਵਡਾਲਾ ਖੁਰਦ 3) ਸੁਖਸਾਹਿਜਪ੍ਰੀਤ ਸਿੰਘ ਵਾਸੀ ਰਸੂਲਪੁਰ ਤਰਨਤਾਰਨ ਨੂੰ 50,000/- ਰੁਪਏ ਵਿੱਚ ਹਾਇਰ ਕੀਤਾ।
ਐੱਸ.ਐੱਸ.ਪੀ ਬਟਾਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੰਮ ਲਈ ਵਰਤੇ ਜਾਣ ਵਾਲੇ ਪਿਸਤੌਲ 32 ਬੋਰ ਦਾ ਪ੍ਰਬੰਧ ਵਿਸ਼ਾਲਦੀਪ ਨੇ ਕਰਵਾਇਆ। ਇਸ ਦੌਰਾਨ ਤਿੰਨੋਂ ਜਣੇ ਬਲਵਿੰਦਰ ਸਿੰਘ, ਸੁਖ ਸਹਿਜਪ੍ਰੀਤ ਸਿੰਘ ਅਤੇ ਰਾਜਬੀਰ ਪਿਸਤੌਲ ਫ਼ੜ ਮੋਟਰਸਾਈਕਲ 'ਤੇ ਵਰਿੰਦਰ ਸਿੰਘ ਦੇ ਸ਼ੋਅਰੂਮ ਵੱਲ ਚੱਲ ਪਏ। ਸ਼ੋਅਰੂਮ ਮਾਲਕ ਵਰਿੰਦਰ ਸਿੰਘ ਰੋਜ਼ਾਨਾ ਆਪਣਾ ਸ਼ੋਅਰੂਮ ਰਾਤ 09:00 ਵਜੇ ਬੰਦ ਕਰ ਦਿੰਦਾ ਸੀ, ਪਰੰਤੂ ਘਟਨਾ ਵਾਲੀ ਰਾਤ ਉਸ 'ਤੇ ਫਾਇਰ ਕਰਨ ਵਾਲੀ ਪਾਰਟੀ ਦੇ ਲੇਟ ਹੋਣ ਕਰਕੇ ਵਰਿੰਦਰ ਸਿੰਘ ਆਪਣੇ ਸ਼ੋਅਰੂਮ ਦਾ ਸ਼ਟਰ ਹੇਠਾਂ ਸੁੱਟ ਕੇ ਉਨ੍ਹਾਂ ਦਾ ਇੰਤਜ਼ਾਰ ਕਰਦਾ ਰਿਹਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ
ਰਾਜਬੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਦ ਉਹ ਬਟਾਲਾ ਤੋਂ ਥੋੜਾ ਪਿੱਛੇ ਸਨ ਤਾਂ ਉਨ੍ਹਾਂ ਨੂੰ ਵਿਸ਼ਾਲਦੀਪ ਦਾ ਫ਼ੋਨ ਵੀ ਆਇਆ ਕਿ ਵਰਿੰਦਰ ਸਿੰਘ ਦੁਕਾਨ ਦੇ ਬਾਹਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ, ਤੁਸੀਂ ਜਲਦੀ ਪਹੁੰਚੋ। ਜਦੋਂ ਉਹ ਵਾਪਸ ਸ਼ੋਅਰੂਮ ਗਏ ਅਤੇ ਵਕਤ ਰਾਤ ਕਰੀਬ 09:48 'ਤੇ ਦੁਕਾਨ ਦੇ ਸ਼ਟਰ 'ਤੇ ਫਾਇਰ ਕਰਕੇ ਫ਼ਰਾਰ ਹੋ ਗਏ। ਇੱਥੇ ਵਿਸ਼ਾਲਦੀਪ ਸਿੰਘ ਵੱਲੋਂ ਤਹਿ ਕੀਤੀ ਗਈ ਰਕਮ 50,000 ਰੁਪਏ ਵਿੱਚੋਂ ਕੇਵਲ 3500/- ਰੁਪਏ ਹੀ ਰਾਜਬੀਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਦਿੱਤੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਇਸ ਤੋਂ ਇਲਾਵਾ ਵਾਰਦਾਤ ਤੋਂ ਪਹਿਲਾਂ ਸ਼ੋਅਰੂਮ ਮਾਲਕ ਵਰਿੰਦਰ ਸਿੰਘ ਨੇ ਰਣਜੋਧ ਸਿੰਘ ਨੂੰ 26,000 ਰੁਪਏ ਦੀ ਕੀਮਤ ਦੇ ਕੱਪੜੇ ਵਿਦੇਸ਼ ਭੇਜੇ ਸਨ ਅਤੇ 12000 ਰੁਪਏ ਕੋਰੀਅਰ ਖਰਚਾ ਵੀ ਵਰਿੰਦਰ ਸਿੰਘ ਵੱਲੋਂ ਹੀ ਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਰਿੰਦਰ ਸਿੰਘ ਵੱਲੋਂ ਫਿਰੌਤੀ ਦੀ ਮੰਗ ਸਬੰਧੀ ਪਹਿਲਾਂ ਵੀ ਮੁਕੱਦਮਾ ਨੰਬਰ 28 ਮਿਤੀ 03.03.2022 ਜੁਰਮ 387,506 ਭ.ਦ ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕਰਵਾਇਆ ਗਿਆ ਸੀ, ਜਿਸ ਵਿੱਚ ਗੈਂਗਸਟਰ ਮਨਦੀਪ ਸਿੰਘ ਤੂਫਾਨ ਵੱਲੋਂ 35 ਲੱਖ ਦੀ ਫਿਰੌਤੀ ਮੰਗੀ ਸੀ, ਜੋ ਬਾਅਦ ਵਿੱਚ ਮਨਦੀਪ ਸਿੰਘ ਤੂਫਾਨ ਦੀ ਮੌਤ ਹੋਣ ਕਰਕੇ ਮੁਕੱਦਮਾ ਰਿਪੋਰਟ ਅਖਰਾਜ ਲਿਖੀ ਗਈ ਅਤੇ ਪੁਲਸ ਵਲੋਂ ਉਸ ਮਾਮਲੇ 'ਚ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8