ਸਮਾਜ ਵਿਰੋਧੀ ਅਨਸਰਾਂ ਨਾਲ ਪੁਲਸ ਸਖਤੀ ਨਾਲ ਨਜਿੱਠੇਗੀ: ਥਾਣਾ ਮੁਖੀ
Monday, Aug 13, 2018 - 09:04 AM (IST)

ਬੁਢਲਾਡਾ(ਮਨਜੀਤ)— ਨਵ-ਨਿਯੁਕਤ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਰਾਜਿੰਦਰਪਾਲ ਸਿੰਘ ਨੇ ਨਾਕਾਬੰਦੀ ਦੌਰਾਨ ਵ੍ਹੀਕਲਾਂ ਦੀ ਚੈਕਿੰਗ ਕੀਤੀ ਅਤੇ ਕਿਹਾ ਕਿ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਪੁਲਸ ਵਲੋਂ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਜ਼ਿਲਾ ਪੁਲਸ ਮੁਖੀ ਦੀਆਂ ਸਖਤ ਹਦਾਇਤਾਂ ਹਨ ਕਿ ਸਮਾਜ ਵਿਰੋਧੀ ਅਨਸਰਾਂ, ਦੜਾ-ਸੱਟਾ, ਨਸ਼ਾ ਸਮੱਗਲਰਾਂ, ਟ੍ਰੈਫਿਕ ਵਿਚ ਬਿਘਨ ਪਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਤਾਂ ਕਿ ਆਪਸੀ ਭਾਈਚਾਰਕ ਸਾਂਝ ਬਣੀ ਰਹੇ।
ਥਾਣਾ ਮੁਖੀ ਨੇ ਅਖੀਰ ਵਿਚ ਕਿਹਾ ਕਿ ਸਮੁੱਚੀਆਂ ਸ਼ਾਂਤੀ ਪਸੰਦ ਸੰਸਥਾਵਾਂ ਨੂੰ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕਦੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਸਹਾਇਕ ਥਾਣੇਦਾਰ ਸੁਖਪਾਲ ਸਿੰਘ, ਸਹਾਇਕ ਥਾਣੇਦਾਰ ਮੇਲਾ ਸਿੰਘ ਤੋਂ ਇਲਾਵਾ ਪੁਲਸ ਦੇ ਹੋਰ ਜਵਾਨ ਵੀ ਮੌਜੂਦ ਸਨ।