ਪੁਲਸ ਨੇ ਘਾਤਕ ਹਥਿਆਰਾਂ ਸਮੇਤ ਦਬੋਚੇ ਲੁੱਟਾਂ ਖੋਹਾਂ ਕਰਨ ਵਾਲੇ

10/02/2021 3:52:54 PM

ਸੰਗਰੂਰ (ਦਲਜੀਤ ਸਿੰਘ ਬੇਦੀ): ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਚੱਲਦਿਆਂ ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ 4 ਵਿਅਕਤੀਆਂ ਨੂੰ ਘਾਤਕ ਹਥਿਆਰਾਂ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ, ਜਦਕਿ ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ।

ਪ੍ਰੈੱਸ ਦੇ ਨਾਮ ਜਾਰੀ ਇੱਕ ਪ੍ਰੈੱਸ ਨੋਟ ਰਾਹੀਂ ਜ਼ਿਲ੍ਹਾ ਪੁਲਸ ਮੁਖੀ ਸਵੱਪਨ ਸ਼ਰਮਾ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਰਨਵੀਰ ਸਿੰਘ ਐੱਸ.ਪੀ.ਡੀ. ਸੰਗਰੂਰ ਅਤੇ ਯੋਗੇਸ਼ ਕੁਮਾਰ ਡੀ.ਐੱਸ.ਪੀ.ਡੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਆਈ.ਸਟਾਫ. ਸੰਗਰੂਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਸ ਪਾਰਟੀ ਨੇ ਬੇਨੜਾ ਤੋਂ ਸਾਰੋਂ ਜਾਣ ਵਾਲੀ ਸੰਪਰਕ ਸੜਕ ਨੇੜੇ ਇਕ ਬੇਆਬਾਦ ਜਗ੍ਹਾ ਤੋਂ ਚਾਰ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਅਤੇ 4 ਚੋਰੀਸ਼ੁਦਾ ਮੋਟਰਸਾਈਕਲ,ਖੋਹ ਕੀਤੇ ਗਏ 12 ਮੋਬਾਇਲ ਫੋਨ ਵੀ ਬਰਾਮਦ ਕੀਤੇ ,ਪੁਲਸ ਪਾਰਟੀ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਰੇਡ ਵਿਚ ਰਵੀ ਸ਼ਰਮਾ, ਲਵਲੀ, ਰਾਜੂ ਕੁਮਾਰ, ਹੀਰਾ ਲਾਲ,ਜਸਨਦੀਪ ਸਿੰਘ ਵਾਸੀ ਸੁਨਾਮ ਅਤੇ ਕੁਲਵਿੰਦਰ ਸਿੰਘ ਵਾਸੀ ਚੀਮਾ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਦਰ ਧੂਰੀ ਵਿਖੇ ਪਰਚਾ ਦਰਜ ਕੀਤਾ ਤੇ ਉਨ੍ਹਾਂ ਪਾਸੋਂ 3 ਕਿਰਪਾਨਾ ,ਲੋਹੇ ਦੀ ਪਾਇਪ ,4 ਮੋਟਰਸਾਇਕਲ 12 ਮੋਬਾਇਲ ਬਰਾਮਦ ਕੀਤੇ। ਇਨ੍ਹਾਂ ਦੇ ਦੋ ਸਾਥੀ ਜਸਨਦੀਪ ਬਿੰਦੀ ਅਤੇ ਕੁਲਵਿੰਦਰ ਸਿੰਘ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਏ।

ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ 3 ਮੋਟਰਸਾਇਕਲ ਸੁਨਾਮ ਤੋਂ ਅਤੇ 1ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤਾ ਗਿਆ ਸੀ ਤੇ ਬਰਾਮਦ ਮੋਬਾਇਲ ਸੰਗਰੂਰ ਅਤੇ ਸੁਨਾਮ ਏਰੀਆ ਵਿੱਚੋਂ ਖੋਹੇ ਸਨ।ਪੁਲਸ ਨੇ ਦਾਅਵਾ ਕੀਤਾ ਕਿ ਇਸ ਗ੍ਰਿਫ਼ਤਾਰੀ ਨਾਲ ਪਿਛਲੇ ਸਮੇਂ ਵਿੱਚ ਹੋਈਆਂ ਵਾਰਦਾਤਾਂ ਟਰੇਸ ਕਰਨ ਵਿੱਚ ਸਫ਼ਲਤਾ ਮਿਲੇਗੀ। ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
 


Shyna

Content Editor

Related News