PGI ’ਚ ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ, 3 ਦਿਨ ’ਚ ਹੋਈ ਰਿਕਵਰੀ

Saturday, Jun 13, 2020 - 12:25 PM (IST)

PGI ’ਚ ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ, 3 ਦਿਨ ’ਚ ਹੋਈ ਰਿਕਵਰੀ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ ਸ਼ੁੱਕਰਵਾਰ ਨੂੰ ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ ਹੋਇਆ ਹੈ। 60 ਸਾਲ ਦਾ ਇਹ ਮਰੀਜ਼ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਹੈ ਅਤੇ 31 ਮਈ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੀ. ਜੀ. ਆਈ. ਲਿਆਂਦਾ ਗਿਆ ਸੀ। ਪੀ. ਜੀ. ਆਈ. ਮੈਡੀਸਿਨ ਡਿਪਾਰਟਮੈਂਟ ਦੇ ਪ੍ਰੋਫੈਸਰ ਅਤੇ ਪਲਾਜ਼ਮਾ ਥੈਰੇਪੀ ਟ੍ਰਾਇਲ ’ਚ ਕਲੀਨੀਕਲ ਏਰੀਆ ਦੇਖ ਰਹੇ ਡਾ. ਪੰਕਜ ਮਲਹੋਤਰਾ ਨੇ ਦੱਸਿਆ ਕਿ ਮਰੀਜ਼ 31 ਮਈ ਰਾਤ ਨੂੰ 10 ਤੋਂ 11 ਵਜੇ 'ਚ ਆਇਆ ਸੀ। ਉਸ ਦੇ ਸਾਰੇ ਟੈਸਟ ਕੀਤੇ ਗਏ। ਇਸ ਤੋਂ ਬਾਅਦ ਉਸ ਨੂੰ ਪਲਾਜ਼ਮਾ ਥੈਰੇਪੀ ਲਈ ਚੁਣਿਆ ਗਿਆ। ਆਈ. ਸੀ. ਐੱਮ. ਆਰ. ਦੀਆਂ ਹਦਾਇਤਾਂ ਮੁਤਾਬਕ ਸਿਰਫ਼ ਗੰਭੀਰ ਮਰੀਜ਼ਾਂ ਨੂੰ ਹੀ ਇਹ ਥੈਰੇਪੀ ਦਿੱਤੀ ਜਾ ਸਕਦੀ ਹੈ। ਉਸ ਦੀਆਂ ਵੀ ਕਈ ਸ਼ਰਤਾਂ ਹਨ। ਮਰੀਜ਼ ਉਨ੍ਹਾਂ ’ਚ ਫਿੱਟ ਰਿਹਾ, ਜਿਸ ਤੋਂ ਬਾਅਦ ਉਸ ਨੂੰ ਪਲਾਜ਼ਮਾ ਦਿੱਤਾ ਗਿਆ। 1 ਜੂਨ ਨੂੰ ਉਸ ਦੀ ਪਲਾਜ਼ਮਾ ਥੈਰੇਪੀ ਹੋਈ। 3 ਦਿਨ ਦੇ ਅੰਦਰ ਦੋ ਯੂਨਿਟ ਪਲਾਜ਼ਮਾ ਦਿੱਤਾ ਗਿਆ। ਨਾਲ ਹੀ ਰਿਕਵਰੀ ਚੰਗੀ ਰਹੀ ਅਤੇ ਇਸ ਤੋਂ ਬਾਅਦ ਉਸ ਨੂੰ ਨਹਿਰੂ ਐਕਸਟੈਂਸ਼ਨ ’ਚ ਹੀ ਰੱਖਿਆ।
ਆਕਸੀਜਨ ’ਤੇ ਸੀ ਮਰੀਜ਼
60 ਸਾਲ ਦਾ ਇਹ ਮਰੀਜ਼ ਆਕਸੀਜਨ ’ਤੇ ਸੀ। ਖੰਘ ਅਤੇ ਬੁਖਾਰ ਨਾਲ ਉਸ ਨੂੰ ਨਿਮੋਨੀਆ ਦੀ ਵੀ ਸ਼ਿਕਾਇਤ ਸੀ। ਡਾ. ਮਲਹੋਤਰਾ ਨੇ ਕਿਹਾ ਕਿ ਪਲਾਜ਼ਮਾ ਦੇਣ ਦੇ ਨਾਲ ਹੀ ਮਰੀਜ਼ ਦੀਆਂ ਸਾਰੀਆਂ ਦਿੱਕਤਾਂ ਖਤਮ ਹੋ ਗਈ। ਮਰੀਜ਼ ਦੀ ਪਤਨੀ ਵੀ ਪਾਜ਼ੇਟਿਵ ਸੀ ਪਰ ਏਸਿੰਟੋਮੈਟਿਕ ਹੋਣ ਕਾਰਣ ਉਸ ਨੂੰ ਪਹਿਲਾਂ ਹੀ ਡਿਸਚਾਰਜ ਕੀਤਾ ਜਾ ਚੁੱਕਿਆ ਹੈ।
ਸ਼ੁਰੂਆਤੀ ਸਟੇਜ ’ਤੇ ਹੈ ਟ੍ਰਾਇਲ
ਪੀ. ਜੀ. ਆਈ. ਬਲੱਡ ਟ੍ਰਾਂਸਫਿਊਜ਼ਨ ਮਹਿਕਮੇ ਦੇ ਹੈੱਡ ਡਾ. ਰਤੀ ਰਾਮ ਕਹਿੰਦੇ ਹਨ ਕਿ ਟ੍ਰਾਇਲ ਅਜੇ ਸ਼ੁਰੂਆਤੀ ਸਟੇਜ ’ਤੇ ਹੈ, ਪਰ ਇਹ ਪੀ. ਜੀ. ਆਈ. ਲਈ ਇਕ ਵੱਡੀ ਕਾਮਯਾਬੀ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਡੋਨਰਜ਼ ਦੀ ਲੋੜ ਹੈ।
 


author

Babita

Content Editor

Related News