PGI 'ਚ ਮਹਿਲਾ ਰੇਡੀਓਗ੍ਰਾਫ਼ਰ ਨੇ ਡਿਊਟੀ ਦੌਰਾਨ ਨਸ ਕੱਟ ਕੇ ਕੀਤੀ ਖ਼ੁਦਕੁਸ਼ੀ, ਹੋਈ ਜੀਵਨਲੀਲਾ ਸਮਾਪਤ
Monday, Mar 11, 2024 - 11:43 PM (IST)
ਚੰਡੀਗੜ੍ਹ (ਪਾਲ) : ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਪੀ.ਜੀ.ਆਈ. ਵਿਚ ਸੁਪਰਵਾਈਜ਼ੀਅਰ ਦੇ ਅਹੁਦੇ ’ਤੇ ਤਾਇਨਾਤ ਟੈਕਨੀਕਲ ਇੰਚਾਰਜ ਮਹਿਲਾ ਰੇਡੀਓਗ੍ਰਾਫਰ ਨਰਿੰਦਰ ਕੌਰ ਨੇ ਡਿਊਟੀ ਦੌਰਾਨ ਆਪਣੀ ਜਾਨ ਦੇ ਦਿੱਤੀ। ਔਰਤ ਕੋਲ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦਾ ਚਾਰਜ ਸੀ। ਸਵੇਰੇ ਡਿਊਟੀ ਲਈ ਆਉਣ ਤੋਂ ਬਾਅਦ ਔਰਤ ਨੇ ਆਪਣਾ ਕਮਰਾ ਬੰਦ ਕਰ ਕੇ ਨਸਾਂ ਕੱਟ ਲਈਆਂ।
ਕਾਫੀ ਦੇਰ ਤੱਕ ਕਮਰਾ ਨਾ ਖੁੱਲ੍ਹਣ ਤੋਂ ਬਾਅਦ ਜਦੋਂ ਸਟਾਫ਼ ਵਲੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਔਰਤ ਬੇਹੋਸ਼ ਪਈ ਸੀ। ਔਰਤ ਨੂੰ ਐਮਰਜੈਂਸੀ ’ਚ ਭਰਤੀ ਕਰਵਾਇਆ ਗਿਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੂਤਰਾਂ ਮੁਤਾਬਕ ਔਰਤ ਪਿਛਲੇ 6 ਮਹੀਨਿਆਂ ਤੋਂ ਕਾਫੀ ਤਣਾਅ ’ਚ ਸੀ। ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦੀ ਰੇਡੀਓਲੋਜੀ ਅਥਾਰਟੀ ਦੁਆਰਾ ਔਰਤ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਸੀ।
ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਉਹ ਪ੍ਰਮੋਸ਼ਨਲ, ਰਿਜ਼ਰਵ ਕੈਟਾਗਰੀ ਤੋਂ ਸਨ ਅਤੇ ਉਨ੍ਹਾਂ ਤੋਂ ਚਾਰਜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦੀ ਸੀ। ਮਹਿਲਾ ਦੇ ਪਤੀ ਗੁਰਵਿੰਦਰ ਸਿੰਘ ਵਲੋਂ ਪੀ.ਜੀ.ਆਈ. ਦੇ ਏ.ਪੀ.ਸੀ. ਵਿਚ ਨਿਯੁਕਤ ਡਾਕਟਰ ਸਮੇਤ ਪੀ.ਜੀ.ਆਈ. ਸਟਾਫ਼ ਤੇ ਹੋਰਨਾਂ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਆਪਣੀ ਸ਼ਿਕਾਇਤ ਵਿਚ ਗੁਰਵਿੰਦਰ ਸਿੰਘ ਨੇ ਇਨ੍ਹਾਂ ਵਿਅਕਤੀਆਂ ਖਿਲਾਫ਼ ਜਾਤੀ ਆਧਾਰਿਤ ਟਿੱਪਣੀਆਂ ਕਰਨ, ਲਗਾਤਾਰ ਤੰਗ ਪ੍ਰੇਸ਼ਾਨ ਕਰਨ ਅਤੇ ਹੁਣ ਕਤਲ ਦੀ ਸੰਭਾਵਨਾ ਪੈਦਾ ਕਰਨ ਦੇ ਦੋਸ਼ ਹੇਠ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)
ਇਸ ਮਾਮਲੇ ਵਿਚ ਏ.ਪੀ.ਸੀ. ਵਿਚ ਦੋ ਵਿਅਕਤੀ ਜੋ ਕਿ ਪਤੀ-ਪਤਨੀ ਹਨ, ਇਸ ਔਰਤ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਸਨ। ਮਹਿਲਾ ਨੇ ਵਿਭਾਗ ਨਾਲ ਜੁੜੇ ਕਈ ਹੋਰ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਪਿਛਲੀ ਵਾਰ ਜਦੋਂ ਔਰਤ ਨੇ ਆਪਣੇ ਸਟਾਫ਼ ਨਾਲ ਗੱਲ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ਰੇਡੀਓਲਾਜੀ ਵਿਭਾਗ ਦੇ ਮੁਖੀ, ਜੋ ਛੁੱਟੀ ’ਤੇ ਸਨ, ਦੇ ਆਉਣ ’ਤੇ ਉਨ੍ਹਾਂ ਨਾਲ ਇਸ ਮਾਮਲੇ ’ਤੇ ਗੱਲਬਾਤ ਕੀਤੀ ਜਾਵੇਗੀ।
ਸੋਮਵਾਰ ਨੂੰ ਜਦੋਂ 11 ਵਜੇ ਦੇ ਕਰੀਬ ਐਚ.ਓ.ਡੀ. ਆਇਆ ਤਾਂ ਉਸ ਨੇ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਸੀ। ਹਸਪਤਾਲ ’ਚ ਡਿਊਟੀ ਦੌਰਾਨ ਮੌਤ ਹੋਣ ਦਾ ਮਾਮਲਾ ਐੱਮ.ਐੱਲ.ਸੀ. ਦਾ ਹੋ ਗਿਆ ਹੈ। ਇਸ ਲਈ ਫਿਲਹਾਲ ਔਰਤ ਨੇ ਜਿਸ ਕਮਰੇ ਵਿਚ ਖੁਦਕੁਸ਼ੀ ਕੀਤੀ ਹੈ, ਉਸ ਕਮਰੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਔਰਤ ਦੇ ਦੋ ਛੋਟੇ ਬੱਚੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ ਭਿਆਨਕ ਹਾਦਸਾ, ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਬੱਸ ਦੇ ਉੱਡੇ ਪਰਖੱਚੇ (ਵੀਡੀਓ)
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀ.ਜੀ.ਆਈ. ਨੇ ਦੇਰ ਸ਼ਾਮ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਪੀ.ਜੀ.ਆਈ. ਨੇ ਟੈਕਨੀਕਲ ਇੰਚਾਰਜ ਰੇਡੀਓਗ੍ਰਾਫਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਨਰਿੰਦਰ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫਿਲਹਾਲ ਪੀ.ਜੀ.ਆਈ. ਵਲੋਂ ਮੌਤ ਕਿਉਂ ਹੋਈ ਅਤੇ ਕਿਸ ਕਾਰਨ ਹੋਈ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਪੀ.ਜੀ.ਆਈ. ਪ੍ਰਸ਼ਾਸਨ ਨੇ ਸਿਰਫ਼ ਇੰਨਾ ਹੀ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਨਾਲ ਫੋਰੈਂਸਿਕ ਰਿਪੋਰਟ ਆਉਣੀ ਬਾਕੀ ਹੈ। ਸੰਸਥਾ ਵਲੋਂ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਜਾਂਚ ਜਾਰੀ ਹੈ ਜਿਸ ਦੇ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e