ਲੋਕਾਂ ਨੇ ਸੜਕ ''ਤੇ ਖੜ੍ਹੇ ਗੰਦੇ ਪਾਣੀ ’ਚ ਝੋਨਾ ਲਾ ਕੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਵਿਰੁੱਧ ਕੀਤੀ ਨਾਅਰੇਬਾਜ਼ੀ

07/15/2022 8:01:48 PM

ਭਵਾਨੀਗੜ੍ਹ (ਕਾਂਸਲ) : ਸ਼ਹਿਰ ਦੇ ਵਾਰਡ ਨੰਬਰ 10 ਦੇ ਜੋਗਿੰਦਰ ਨਗਰ ਵਿਖੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਰਸਤੇ ’ਚ ਭਰ ਜਾਣ ਕਾਰਨ ਇਥੇ ਬਣੀ ਨਰਕ ਵਾਲੀ ਸਥਿਤੀ ਤੋਂ ਦੁਖੀ ਹੋਏ ਮੁਹੱਲਾ ਨਿਵਾਸੀਆਂ ਨੇ ਅੱਜ ਰੋਸ ਵਜੋਂ ਗੰਦੇ ਪਾਣੀ ’ਚ ਝੋਨਾ ਲਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਨਗਰ ਕੌਂਸਲ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਤਗੁਰ ਸਿੰਘ ਡੋਗਲਾ, ਸੰਦੀਪ ਕੁਮਾਰ ਤੇ ਸ਼ਿੰਦਰਪਾਲ ਕੌਰ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਵਾਰਡ-10 ਦੇ ਜੋਗਿੰਦਰ ਨਗਰ 'ਚ ਜ਼ਿਆਦਾਤਰ ਐੱਸ.ਸੀ./ ਬੀ.ਸੀ. ਭਾਈਚਾਰੇ ਦੇ ਗਰੀਬ ਪਰਿਵਾਰ ਰਹਿੰਦੇ ਹਨ। ਸਰਕਾਰ ਵੱਲੋਂ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਤੇ ਇਥੇ ਪਿਛਲੇ 5 ਸਾਲਾਂ ਤੋਂ ਵਿਕਾਸ ਕਾਰਜ ਪੂਰੀ ਤਰ੍ਹਾਂ ਅਧੂਰੇ ਪਏ ਹਨ।

ਇਹ ਵੀ ਪੜ੍ਹੋ : ਵਾਹਨ ਚੋਰਾਂ ਦੇ ਨਿਸ਼ਾਨੇ 'ਤੇ ਭਾਰੀ ਵਾਹਨ, ਹੁਣ ਟਰੱਕਾਂ-ਬੱਸਾਂ ਲਈ ਵੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਜ਼ਰੂਰੀ

ਉਨ੍ਹਾਂ ਕਿਹਾ ਕਿ ਜੋਗਿੰਦਰ ਨਗਰ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕਾਗਜ਼ਾਂ ’ਚ 2019 ’ਚ ਹੋ ਚੁੱਕਾ ਹੈ ਪਰ ਅਸਲੀਅਤ ਇਹ ਹੈ ਕਿ ਅਜੇ ਤੱਕ ਇਥੇ ਸੜਕ ਦਾ ਨਿਰਮਾਣ ਨਹੀਂ ਹੋਇਆ। ਇਥੇ ਸੀਰਵੇਜ ਪਿਛਲੇ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਗੰਦਾ ਪਾਣੀ ਓਵਰਫਲੋ ਕੇ ਮੁੱਖ ਰਸਤੇ ’ਚ ਭਰ ਜਾਣ ਕਾਰਨ ਇਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਤੇ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਵੀ ਬਣਦਾ ਜਾ ਰਿਹਾ ਹੈ। ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਬਰਸਾਤ ਹੋਣ ’ਤੇ ਸੀਵਰੇਜ ਦਾ ਪਾਣੀ ਵਾਪਸ ਆਉਣ ਕਾਰਨ ਉਨ੍ਹਾਂ ਦੇ ਘਰਾਂ ’ਚ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਨਰਿੰਦਰ ਕੌਰ ਭਰਾਜ ਨੇ ਇਥੇ ਝੋਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਹੁਣ ਹਲਕਾ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਵੀ ਸਾਡੀ ਸਾਰ ਨਹੀਂ ਲਈ ਜਾ ਰਹੀ। ਇਸ ਕਰਕੇ ਹੁਣ ਉਹ ਝੋਨਾ ਲਾ ਕੇ ਸੰਘਰਸ਼ ਦੀ ਕੀਤੀ ਸ਼ੁਰੂਆਤ ਨੂੰ ਅੱਗੇ ਤੋਰ ਰਹੇ ਹਾਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਥੇ ਸੀਵਰੇਜ ਪ੍ਰਣਾਲੀ ਨੂੰ ਠੀਕ ਨਾ ਕੀਤਾ ਤੇ ਸੜਕ ਦਾ ਨਿਰਮਾਣ ਨਾ ਕਰਵਾਇਆ ਗਿਆ ਤਾਂ ਉਹ ਨੈਸ਼ਨਲ ਹਾਈਵੇ 'ਤੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ : ਨਾਭਾ ਦੇ ਵਿਧਾਇਕ ਦੇਵ ਮਾਨ ਤੇ ਸਫ਼ਾਈ ਸੇਵਕਾਂ ਵਿਚਾਲੇ ਹੋਈ ਗਹਿਮਾ-ਗਹਿਮੀ, ਪਿਆ ਭੜਥੂ

ਇਸ ਸਬੰਧੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਗੁਰਿੰਦਰਪਾਲ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਥੇ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਉਣ ਤੋਂ ਬਾਅਦ ਉਸ ਨੂੰ ਮੇਨ ਲਾਈਨ ਨਾਲ ਨਹੀਂ ਜੋੜਿਆ ਗਿਆ। ਇਸ ਲਈ ਸੀਵਰੇਜ ਦਾ ਕੰਮ ਅਧੂਰਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਸੀਵਰੇਜ ਬੋਰਡ ਨੂੰ ਇਸ ਦੀ ਲਿਖਤੀ ਤੌਰ ’ਤੇ ਜਾਣਕਾਰੀ ਦੇ ਦਿੱਤੀ ਹੈ, ਜਿਨ੍ਹਾਂ ਵੱਲੋਂ ਜਲਦ ਹੀ ਇਸ ਲਾਈਨ ਨੂੰ ਮੇਨ ਲਾਈਨ ਨਾਲ ਜੋੜ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤੇ ਜਦੋਂ ਤੱਕ ਸੀਵਰੇਜ ਬੋਰਡ ਵੱਲੋਂ ਇਸ ਨੂੰ ਮੇਨ ਲਾਈਨ ਨਾਲ ਨਹੀਂ ਜੋੜਿਆ ਜਾਂਦਾ, ਉਦੋਂ ਤੱਕ ਨਗਰ ਕੌਂਸਲ ਵੱਲੋਂ ਇਥੇ ਆਰਜ਼ੀ ਪ੍ਰਬੰਧ ਕਰਕੇ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : 8 ਲੱਖ 90 ਹਜ਼ਾਰ ਦੀ ਲੁੱਟ ਦੇ ਮਾਮਲੇ ’ਚ 3 ਗ੍ਰਿਫ਼ਤਾਰ, ਦੋਸ਼ੀਆਂ ਤੋਂ ਲੁੱਟ ਦੇ ਪੈਸੇ ਤੇ ਪਿਸਤੌਲ ਬਰਾਮਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News