ਸੀ. ਐੱਮ. ਸਿਟੀ ''ਚ ਲੱਗਣ ਵਾਲਾ ਡੀ. ਸੀ. ਦਰਬਾਰ ਬਣਿਆ ਚਿੱਟਾ ਹਾਥੀ

01/23/2020 3:48:49 PM

ਪਟਿਆਲਾ (ਜੋਸਨ): ਸੀ. ਐੱਮ. ਸਿਟੀ ਵਿਚ ਵਿਧਾਇਕਾਂ ਦੀ ਨਾਰਾਜ਼ਗੀ ਤੋਂ ਬਾਅਦ ਜਾਗੇ ਪਟਿਆਲਾ ਦੇ ਡੀ. ਸੀ. ਕੁਮਾਰ ਅਮਿਤ ਵਲੋਂ ਹਰ ਬੁੱਧਵਾਰ ਲਾਇਆ ਜਾ ਰਿਹਾ 'ਸ਼ਿਕਾਇਤ ਦਰਬਾਰ' ਚਿੱਟਾ ਹਾਥੀ ਬਣਨ ਵੱਲ ਵਧ ਰਿਹਾ ਹੈ। ਇਸ ਦਰਬਾਰ ਵਿਚ ਲੋਕ ਦੂਰੋਂ-ਦੂਰੋਂ ਆਉਂਦੇ ਹਨ ਪਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਥਾਂ ਸਿਰਫ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਲੋਕ ਹੁਣ ਬੇਹੱਦ ਦੁਖੀ ਹਨ।ਡੀ. ਸੀ. ਕੁਮਾਰ ਅਮਿਤ ਨੇ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਮੁੜ ਆਮ ਲੋਕਾਂ ਨੂੰ ਖੁੱਲ੍ਹੇ ਦਰਬਾਰ 'ਚ ਮਿਲ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਦਰਖਾਸਤਾਂ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦਾ ਦਾਅਵਾ ਕੀਤਾ ਪਰ ਅਸਲੀਅਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਡੀ. ਸੀ. ਲੋਕਾਂ ਦੀ ਸ਼ਿਕਾਇਤ ਦੀ ਅਰਜ਼ੀ ਨੂੰ ਅੱਗੇ ਵਿਭਾਗਾਂ ਨੂੰ ਭੇਜ ਰਹੇ ਹਨ ਤੇ ਵਿਭਾਗਾਂ ਦੇ ਮੁਖੀ ਇਨ੍ਹਾਂ ਨੂੰ ਕੂੜੇ ਦੀ ਟੋਕਰੀ ਵਿਚ ਸੁੱਟ ਦਿੰਦੇ ਹਨ, ਜਿਸ ਤੋਂ ਲੋਕ ਦੁਖੀ ਹਨ।

ਕਿੰਨੀਆਂ ਸ਼ਿਕਾਇਤਾਂ ਦਾ ਹੋਇਆ ਹੱਲ ਨਹੀ ਦਿੱਤੀ ਜਾ ਰਹੀ ਕੋਈ ਜਾਣਕਾਰੀ
ਇਸ ਸੰਗਤ ਦਰਸ਼ਨ ਦੌਰਾਨ ਪਹਿਲੇ ਸੰਗਤ ਦਰਸ਼ਨਾਂ ਵਿਚ ਕਿੰਨੀਆਂ ਸ਼ਿਕਾਇਤਾਂ ਆਈਆਂ ਸਨ ਅਤੇ ਕਿੰਨੀਆਂ ਦਾ ਹੱਲ ਹੋ ਗਿਆ ਕੋਈ ਵੀ ਰਿਕਾਰਡ ਨਹੀਂ ਰੱਖਿਆ ਜਾ ਰਿਹਾ ਅਤੇ ਨਾ ਹੀ ਸੰਗਤ ਦਰਸ਼ਨ ਦੌਰਾਨ ਆÎਈਆਂ ਸ਼ਿਕਾਇਤਾਂ ਦਾ ਕੋਈ ਮਸਲਾ ਹੱਲ ਹੋਇਆ ਜਾ ਨਹੀਂ, ਬਾਰੇ ਕੋਈ ਵੀ ਫਲੋਅਪ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਲੋਕਾਂ ਦਾ ਡੀ. ਸੀ. ਦੇ ਦਰਬਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਜ਼ਿਲੇ ਦੀ ਹੱਦ 80 ਕਿਲੋਮੀਟਰ ਤੱਕ ਚਾਰੇ ਪਾਸੇ ਪੈਂਦੀ ਹੈ ਅਤੇ ਲੋਕਾਂ ਦੀ ਇਥੇ ਆ ਕੇ ਆਸ ਨੂੰ ਹੁਣ ਬੂਰ ਨਹੀਂ ਪੈਂਦਾ।

ਸਿਰਫ 2 ਘੰਟੇ ਹੀ ਮਿਲਦੇ ਹਨ ਡੀ. ਸੀ.
ਹਫਤੇ ਵਿਚ ਇਕ ਦਿਨ ਰੱਖੇ ਇਸ ਸੰਗਤ ਦਰਸ਼ਨ ਵਿਚ ਹਰ ਬੁੱਧਵਾਰ ਨੂੰ ਡੀ. ਸੀ. ਸਿਰਫ 2 ਘੰਟੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ, ਜਿਸ ਤੋਂ ਵੀ ਲੋਕ ਨਿਰਾਸ਼ ਹਨ। ਜ਼ਿਲਾ ਪ੍ਰਸ਼ਾਸਨ ਨੇ ਅੱਜ ਇਥੇ ਦਾਅਵਾ ਕੀਤਾ ਹੈ ਕਿ ਸੰਗਤ ਦਰਸ਼ਨ ਮੌਕੇ 62 ਦਰਖਾਸਤਾਂ ਪ੍ਰਾਪਤ ਹੋਈਆਂ ਹਨ ਅਤੇ ਜਿਨ੍ਹਾਂ ਦਾ ਨਿਪਟਾਰਾ ਕਰਵਾਉਣ ਲਈ ਸਬੰਧਤ ਵਿਭਾਗਾਂ ਅਤੇ ਬ੍ਰਾਂਚਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਪਰ ਹੈਰਾਨੀ ਹੈ ਕਿ 2 ਘੰਟਿਆਂ ਵਿਚ 120 ਮਿੰਟ ਹੁੰਦੇ ਹਨ, ਜਿਸ ਹਿਸਾਬ ਨਾਲ ਇਕ ਸ਼ਿਕਾਇਤਕਰਤਾ ਨੂੰ 2 ਮਿੰਟ ਤੋਂ ਵੀ ਘੱਟ ਦਾ ਸਮਾਂ ਮਿਲਦਾ ਹੈ, ਜਿਸ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸੰਗਤ ਦਰਸ਼ਨ ਕਿਧਰ ਨੂੰ ਜਾ ਰਿਹਾ ਹੈ।

ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਸ਼ਿਕਾਇਤਾਂ
ਜ਼ਿਲੇ ਵਿਚ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਲੋਕ ਇਸ ਮੌਕੇ ਮਾਲ ਵਿਭਾਗ ਸਮੇਤ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤ, ਮੁਆਵਜ਼ੇ, ਨਾਜਾਇਜ਼ ਕਬਜ਼ਿਆਂ, ਪੈਨਸ਼ਨਾਂ ਆਦਿ ਦੇ ਮਸਲੇ ਲੈ ਕੇ ਪੁੱਜਦੇ ਹਨ ਪਰ ਅਜੇ ਤੱਕ ਕਿਹੜੀ ਸ਼ਿਕਾਇਤ ਹੱਲ ਹੋਈ ਇਹ ਆਪ ਡੀ. ਸੀ. ਤੇ ਇਸ ਦੀ ਟੀਮ ਨੂੰ ਪਤਾ ਨਹੀਂ ਹੈ। ਸਿਰਫ ਸੰਗਤ ਦਰਸ਼ਨ ਦੇ ਨਾਂ 'ਤੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਰਿਹਾ ਹੈ। ਹਾਲਾਂਕਿ ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਅਤੇ ਦਰਖਾਸਤਾਂ ਦੇ ਨਿਪਟਾਰੇ ਲਈ ਤੁਰੰਤ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਇਨ੍ਹਾਂ ਦੇ ਸਮਾਂਬੱਧ ਨਿਪਟਾਰੇ ਅਤੇ ਇਨ੍ਹਾਂ 'ਤੇ ਆਨ ਲਾਈਨ ਨਜ਼ਰ ਰੱਖਣ ਸਮੇਤ ਫਾਲੋਅਪ ਕਰਨ ਲਈ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਅਸਲੀਅਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ।

ਚਾਰ ਵਾਰ ਫੋਨ ਕਰਨ 'ਤੇ ਵੀ ਨਹੀਂ ਚੁੱਕਿਆ ਡੀ. ਸੀ. ਨੇ ਫੋਨ
ਅਕਾਲੀ ਸਰਕਾਰ ਮੌਕੇ ਬਾਦਲਾਂ ਦੇ ਖਾਸਮ-ਖਾਸ ਰਹੇ ਡੀ. ਸੀ. ਕੁਮਾਰ ਅਮਿਤ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਹਨ। ਪਹਿਲੀ ਸਰਕਾਰ ਵੇਲੇ ਕੁਮਾਰ ਅਮਿਤ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਬਾਦਲ ਤੇ ਪਰਸਨਲ ਸਟਾਫ ਵਿਚ ਸਪੈਸ਼ਲ ਸੈਕਟਰੀ ਸਨ ਤੇ ਕਾਂਗਰਸ ਸਰਕਾਰ ਬਣਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਬਣ ਗਏ। ਡੀ. ਸੀ. ਕੁਮਾਰ ਅਮਿਤ ਦਾ ਪੱਖ ਲੈਣ ਲਈ ਉਨ੍ਹਾਂ ਨੂੰ ਚਾਰ ਵਾਰ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਵੱਖ-ਵੱਖ ਸਮੇਂ ਕਾਲ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਹਾਲਾਂਕਿ ਡੀ. ਸੀ. ਸਾਹਿਬ ਆਪਣੇ ਦਫਤਰ ਵਿਚ ਹੀ ਮੌਜੂਦ ਸਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਜ਼ਿਲੇ ਦੇ ਇਕ ਕਾਂਗਰਸੀ ਵਿਧਾਇਕ ਨੇ ਸ਼ਰੇਆਮ ਮੀਡੀਆ ਵਿਚ ਬਿਆਨ ਦਿੱਤੇ ਸਨ ਕਿ ਡੀ. ਸੀ. ਉਨ੍ਹਾਂ ਦੀ ਨਹੀਂ ਸੁਣਦੇ।


Shyna

Content Editor

Related News