ਹਰਸਿਮਰਤ ਕੌਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਕੇਂਦਰੀ ਪ੍ਰੋਜੈਕਟਾਂ ਦਾ ਦੌਰਾ

04/25/2018 11:49:28 AM

ਬਠਿੰਡਾ—ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ 'ਫੀਡ ਬੈਕ' ਮਿਸ਼ਨ 'ਤੇ ਨਿਕਲੇ ਹਨ। ਬਾਦਲ ਨੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ ਬਠਿੰਡਾ ਸੰਸਦੀ ਹਲਕੇ 'ਚ ਸ਼ੁਰੂ ਕੀਤੇ ਪ੍ਰੋਜੈਕਟਾਂ ਦਾ ਦੌਰਾ ਕਰਕੇ 'ਫੀਡ ਬੈਕ' ਮਿਸ਼ਨ ਦੀ ਸ਼ੁਰੂਆਤ ਕੀਤੀ। ਸਾਬਕਾ ਮੁੱਖ ਮੰਤਰੀ ਅੱਜ ਬਿਨਾਂ ਕਿਸੇ ਸਿਆਸੀ ਭੀੜ ਤੋਂ ਚੁੱਪ ਚੁਪੀਤੇ ਬਠਿੰਡਾ ਪੁੱਜੇ ਅਤੇ ਉਨ੍ਹਾਂ ਨੇ ਕਰੀਬ ਦੋ ਘੰਟੇ ਕੇਂਦਰੀ ਪ੍ਰੋਜੈਕਟਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਫੂਡ ਪ੍ਰੋਸੈਸਿੰਗ ਸਿਖਲਾਈ ਕੇਂਦਰ ਚਾਲੂ ਕਰਾਇਆ ਹੈ ਅਤੇ ਇਸੇ ਤਰ੍ਹਾਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਡੱਬਵਾਲੀ ਰੋਡ 'ਤੇ ਵੀ ਇੱਕ ਸਿਖਲਾਈ ਕੇਂਦਰ ਚੱਲ ਰਿਹਾ ਹੈ।  ਸਾਬਕਾ ਮੁੱਖ ਮੰਤਰੀ ਅੱਜ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿਚਲੇ ਸਿਖਲਾਈ ਕੇਂਦਰ 'ਚ ਪੁੱਜੇ, ਜਿੱਥੇ ਉਨ੍ਹਾਂ ਨੇ ਸਿਖਲਾਈ ਲੈ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੁੱਖ ਤੌਰ 'ਤੇ ਇਹ ਪੁੱਛਿਆ ਕਿ ਕੀ ਉਹ ਇਸ ਸਿਖਲਾਈ ਕੇਂਦਰ ਤੋਂ ਸੰਤੁਸ਼ਟ ਹਨ ਅਤੇ  ਉਨ੍ਹਾਂ ਨੂੰ ਸਿਖਲਾਈ ਕੇਂਦਰ ਨਾਲ ਕਾਰੋਬਾਰ 'ਚ ਮਦਦ ਮਿਲੀ ਹੈ। ਇਕ ਅਚਾਰ ਵਿਕਰੇਤਾ ਨੇ ਬਾਦਲ ਕੋਲੋਂ ਮੰਗ ਕੀਤੀ ਕਿ ਜੇਕਰ ਉਸ ਨੂੰ ਕਰਜ਼ ਮਿਲ ਜਾਵੇ ਤਾਂ ਉਹ ਅਚਾਰ ਦਾ ਕਾਰੋਬਾਰ ਵਧਾ ਸਕਦਾ ਹੈ। ਸ੍ਰੀ ਬਾਦਲ ਨੇ ਮੌਕੇ 'ਤੇ ਉਸ ਦੀ ਮੰਗ ਨੋਟ ਕਰ ਲਈ। ਔਰਤਾਂ ਨੇ ਵੀ ਦੱਸਿਆ ਕਿ ੳਉਨ੍ਹਾਂ ਨੂੰ ਸਿਖਲਾਈ ਕੇਂਦਰ ਨਾਲ ਸਹਾਰਾ ਮਿਲਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡੱਬਵਾਲੀ ਰੋਡ ਸਥਿਤ ਖੋਜ ਕੇਂਦਰ ਵਿੱਚ ਵੀ ਕੇਂਦਰੀ ਮੰਤਰੀ ਵੱਲੋਂ ਸ਼ੁਰੂ ਕਰਵਾਏ ਪ੍ਰੋਜੈਕਟ ਦਾ ਸ੍ਰੀ ਬਾਦਲ ਨੇ ਜਾਇਜ਼ਾ ਲਿਆ। ਇਸ ਮੌਕੇ ਖੇਤੀ 'ਵਰਸਿਟੀ ਦੇ ਅਧਿਕਾਰੀ ਵੀ ਹਾਜ਼ਰ ਸਨ। ਨਗਰ ਨਿਗਮ ਦੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਅਤੇ ਓਮ ਪ੍ਰਕਾਸ਼ ਸ਼ਰਮਾ ਇਸ ਮੌਕੇ ਮੌਜੂਦ ਸਨ ਪਰ ਹੋਰ ਕਿਸੇ ਵੀ ਸਿਆਸੀ ਆਗੂ ਨੂੰ ਸ੍ਰੀ ਬਾਦਲ ਦੇ ਦੌਰੇ ਦੀ ਭਿਣਕ ਨਹੀਂ ਪਈ। ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੇ ਦੱਸਿਆ ਕਿ ਬਾਦਲ ਨੇ ਦੋਵਾਂ ਸੈਂਟਰਾਂ ਦਾ ਦੌਰਾ ਕੀਤਾ ਅਤੇ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਸਿਖਲਾਈ ਬਾਰੇ ਜਾਣਕਾਰੀ ਲਈ। ਦੌਰੇ ਮਗਰੋਂ ਸਾਬਕਾ ਮੁੱਖ ਮੰਤਰੀ ਵਾਪਸ ਪਿੰਡ ਬਾਦਲ ਚਲੇ ਗਏ।


Related News