ਪੀ. ਐੱਸ. ਯੂ. ਨੇ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤਾ ਰੋਸ ਮੁਜ਼ਾਹਰਾ

Sunday, Nov 04, 2018 - 06:19 AM (IST)

ਪੀ. ਐੱਸ. ਯੂ. ਨੇ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤਾ ਰੋਸ ਮੁਜ਼ਾਹਰਾ

ਫ਼ਰੀਦਕੋਟ, (ਹਾਲੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ 1984 ਸਿੱਖ ਕਤਲੇਆਮ ਦੇ ਪੀਡ਼ਤਾਂ ਨੂੰ ਇਨਸਾਫ਼ ਦਿਵਾਉਣ ਅਤੇ ਮੁੱਖ ਦੋਸ਼ੀਅਾਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਰਾਮਪਾਲ ਸਰੋਤ ਨੂੰ ਸਜ਼ਾ ਦਿਵਾਉਣ ਦੀ ਮੰਗ ਸਬੰਧੀ ਸਰਕਾਰੀ ਬ੍ਰਜਿੰਦਰਾ ਕਾਲਜ, ਫ਼ਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਹਡ਼ਤਾਲ ਕਰ ਕੇ ਸ਼ਹਿਰ ’ਚ ਮੁਜ਼ਾਹਰਾ ਕੀਤਾ ਗਿਆ। 
ਇਸ ਸਮੇਂ ਪੀ. ਐੱਸ. ਯੂ. ਦੇ ਜ਼ੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਅਤੇ ਜ਼ਿਲਾ ਸਕੱਤਰ ਕੇਸ਼ਵ ਆਜ਼ਾਦ ਨੇ ਸੰਬੋਧਨ ਕਰਦਿਅਾਂ ਦੱਸਿਆ ਕਿ 1984 ਵਿਚ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪੂਰੇ ਹਿੰਦੋਸਤਾਨ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਕਿਹਾ ਕਿ 34 ਸਾਲ ਬੀਤਣ ਦੇ ਬਾਵਜੂਦ ਪੀਡ਼ਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ, ਜਦਕਿ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। 
ਇਸ ਦੌਰਾਨ ਸੁਖਪ੍ਰੀਤ ਕੌਰ, ਰਜਿੰਦਰ ਸਿੰਘ ਅਤੇ ਰਾਜਵੀਰ ਕੌਰ ਨੇ ਦੱਸਿਆ ਕਿ ਇਹ ਕਤਲੇਆਮ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸੇ ਤਰ੍ਹਾਂ ਅੱਜ ਵੀ ਪੂਰੇ ਭਾਰਤ ’ਚ ਘੱਟ ਗਿਣਤੀਆਂ, ਦਲਿਤਾਂ, ਮੁਸਲਮਾਨਾਂ ਅਤੇ ਅੌਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗਊ ਰੱਖਿਆ ਦੇ ਨਾਂ ’ਤੇ ਕਤਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦਿੱਤੀਅਾਂ ਜਾਣ। 
ਇਸ ਮੌਕੇ ਸਾਹਿਲਦੀਪ ਸਿੰਘ, ਜਗਦੀਪ ਸਿੰਘ, ਮਨਦੀਪ ਕੌਰ, ਰਮਨਦੀਪ ਕੌਰ, ਸਾਗਰ, ਪ੍ਰਵੀਨ, ਸੁਨੀਤਾ, ਰੋਹਿਤ, ਵੀਰਪਾਲ ਕੌਰ, ਜਗਜੀਤ ਸਿੰਘ, ਅੰਕੁਸ਼, ਹਰਿੰਦਰ ਸਿੰਘ, ਪਵਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ। 
‘ਸਮੇਂ ਦੀਅਾਂ ਸਰਕਾਰਾਂ ਰਾਜਨੀਤੀ ਚਮਕਾਉਣ ਲਈ ਧਰਮ ਦੀ ਆੜ ’ਚ ਮਨੁੱਖਤਾ ਦਾ ਘਾਣ ਕਰ ਰਹੀਅਾਂ’
 ਸ੍ਰੀ ਮੁਕਤਸਰ ਸਾਹਿਬ,  (ਪਵਨ, ਖੁਰਾਣਾ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਗਗਨ ਸੰਗਰਾਮੀ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ 34 ਸਾਲ ਬੀਤਣ ਦੇ ਬਾਵਜੂਦ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਆਜ਼ਾਦ ਘੁੰਮ ਰਹੇ ਹਨ। 31 ਅਕਤੂਬਰ ਰਾਤ ਅਤੇ 1 ਤੋਂ 3 ਨਵੰਬਰ-1984 ਨੂੰ ਦਿੱਲੀ ਸਮੇਤ ਹੋਰ ਸੂਬਿਆਂ ਵਿਚ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਜਿਊਂਦਿਆਂ ਹੀ ਸਾਡ਼ਿਅਾ ਗਿਆ, ਜਿਸ ਦੀ ਸ਼ੁਰੂਆਤ ਅਪ੍ਰੈਲ 1984 ਵਿਚ ਹੀ ਸਿੱਖ ਪਰਿਵਾਰਾਂ ਦੀਆਂ ਵੋਟਰ ਸੂਚੀਅਾਂ ਬਣਾ ਕੇ ਕਰ ਦਿੱਤੀ ਗਈ ਸੀ ਤਾਂ ਕਿ ਸਿੱਖਾਂ ਦੇ ਪਰਿਵਾਰਾਂ ਦੇ ਨਾਵਾਂ ਦਾ ਪਤਾ ਲੱਗ ਸਕੇ। 
ਕਾਂਗਰਸ ਪਾਰਟੀ ਸਮੇਤ ਪਾਰਟੀ ਦੇ ਸੰਸਦ ਮੈਂਬਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐੱਚ. ਕੇ. ਐੱਲ. ਭਗਤ, ਧਰਮ ਦਾਸ, ਕੌਂਸਲਰਾਂ, ਅਫ਼ਸਰਸ਼ਾਹੀ, ਪੁਲਸ, ਫੌਜ, ਅਰਧ ਸੈਨਿਕ ਬਲ ਅਤੇ ਹੁਣ ਤੱਕ ਬਣੀਆਂ ਜਾਂਚ ਕਮੇਟੀਆਂ ਕਮਿਸ਼ਨ, ਸੀ. ਬੀ. ਆਈ. ਤੇ ਦੇਸ਼ ਦੀ ਸੁਪਰੀਮ ਕੋਰਟ, ਹਾਈ ਕੋਰਟਾਂ ਸਮੇਤ ਸਾਰੀਆਂ ਅਦਾਲਤਾਂ ਦੀ ਕਾਰਗੁਜ਼ਾਰੀ ਸਿੱਖਾਂ ਦਾ ਕਤਲ ਕਰਨ ਵਾਲਿਅਾਂ ਦੇ ਹੱਕਾਂ ’ਚ ਅਤੇ ਪੀਡ਼ਤ ਪਰਿਵਾਰਾਂ ਦੇ ਵਿਰੋਧ ਵਿਚ ਸਾਬਤ ਹੋਈ ਹੈ। 
ਵਿਦਿਆਰਥੀ ਆਗੂ ਸੁਖਮੰਦਰ ਕੌਰ ਨੇ ਕਿਹਾ ਕਿ  ਜੇਕਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਅਾਂ ਹੁੰਦੀਅਾਂ ਤਾਂ ਗੁਜਰਾਤ ਅਤੇ ਇਸ ਤੋਂ ਇਲਾਵਾ ਹੋਰ ਥਾਵਾਂ ’ਤੇ ਧਰਮ ਦੇ ਨਾਂ ’ਤੇ ਲੋਕਾਂ ਨਾਲ ਹੋਈਅਾਂ ਵਧੀਕੀਅਾਂ ਰੁਕ ਸਕਦੀਅਾਂ ਸਨ। ਸਮੇਂ ਦੀਆਂ ਸਰਕਾਰਾਂ ਰਾਜਨੀਤੀ ਚਮਕਾਉਣ ਲਈ ਧਰਮ ਦੀ ਆਡ਼ ਵਿਚ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ। ਇਸ ਮੌਕੇ ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਖਵੀਰ ਕੌਰ, ਹਨਪ੍ਰੀਤ ਕੌਰ, ਸੰਦੀਪ ਸਿੰਘ, ਰਾਜਵਿੰਦਰ ਸਿੰਘ, ਸਤਵੀਰ ਕੌਰ, ਸਤਨਾਮ ਸਿੰਘ, ਬਲਕਾਰ ਸਿੰਘ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਕਰਨ ਆਦਿ ਹਾਜ਼ਰ ਸਨ। 


Related News