ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਹਲਾਕ
Monday, Dec 24, 2018 - 01:13 AM (IST)

ਭਵਾਨੀਗਡ਼੍ਹ, (ਵਿਕਾਸ)- ਬੀਤੀ ਦੇਰ ਸ਼ਾਮ ਪਟਿਆਲਾ ਮੁੱਖ ਸਡ਼ਕ ’ਤੇ ਨਦਾਮਪੁਰ ਬਾਈਪਾਸ ਨੇਡ਼ੇ ਇਕ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸਾਧੂ ਰਾਮ ਤੇ ਈਸ਼ਵਰ ਰਾਮ ਦੋਵੇਂ ਵਾਸੀ ਚਿੱਚਰੀਵਾਲ (ਪਟਿਆਲਾ) ਸ਼ਨੀਵਾਰ ਨੂੰ ਭਵਾਨੀਗਡ਼੍ਹ ਨੇਡ਼ਲੇ ਪਿੰਡ ਨਕਟੇ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਦੇਰ ਸ਼ਾਮ ਮੋਟਰਸਾਈਕਲ ’ਤੇ ਵਾਪਸ ਜਾ ਰਹੇ ਸਨ ਕਿ ਗੁਰਥਲੀ ਲਿੰਕ ਰੋਡ ਤੋਂ ਪਟਿਆਲਾ ਮੁੱਖ ਸਡ਼ਕ ’ਤੇ ਚਡ਼੍ਹਦਿਆਂ ਇਕ ਤੇਜ਼ ਰਫ਼ਤਾਰ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ’ਚ ਈਸ਼ਵਰ ਰਾਮ ਦੀ ਮੌਤ ਹੋ ਗਈ ਜਦੋਂਕਿ ਸਾਧੂ ਰਾਮ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਵਾਲੀ ਥਾਂ ਤੋਂ ਲੰਘ ਰਹੀ ਇਕ ਐਂਬੂਲੈਂਸ ਰਾਹੀਂ ਈਸ਼ਵਰ ਦੀ ਮ੍ਰਿਤਕ ਦੇਹ ਤੇ ਜ਼ਖ਼ਮੀ ਹੋਏ ਸਾਧੂ ਰਾਮ ਨੂੰ ਭਵਾਨੀਗਡ਼੍ਹ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ। ਓਧਰ, ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਈਵੇ ਪੈਟਰੋਲਿੰਗ ਪੁਲਸ ਦੇ ਮੁਲਾਜ਼ਮਾਂ ਹੌਲਦਾਰ ਸਤਵੰਤ ਸਿੰਘ ਤੇ ਹੈੱਡ ਕਾਂਸਟੇਬਲ ਗੁਰਪਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਰਿਕਵਰੀ ਵੈਨ ਦੀ ਸਹਾਇਤਾ ਨਾਲ ਸਡ਼ਕ ਤੋਂ ਦੋਵੇਂ ਵਾਹਨਾਂ ਨੂੰ ਭਵਾਨੀਗਡ਼੍ਹ ਥਾਣੇ ਪਹੁੰਚਾ ਕੇ ਰੋਡ ਸਾਫ ਕੀਤਾ।