ਨਾਬਾਲਗਾ ਨਾਲ ਜਬਰ ਜ਼ਨਾਹ ਮਾਮਲੇ ’ਚ ਇਕ ਦੋਸ਼ੀ ਕਰਾਰ, ਦੂਜਾ ਬਰੀ
Wednesday, Oct 17, 2018 - 05:23 AM (IST)

ਚੰਡੀਗੜ੍ਹ, (ਸੰਦੀਪ)- ਨਾਬਾਲਗਾ ਦੇ ਅਗਵਾ ਅਤੇ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ’ਚ ਜ਼ਿਲਾ ਅਦਾਲਤ ਨੇ ਹੈਦਰਾਬਾਦ ਦੇ ਨਸੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸਨੂੰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਉਥੇ ਹੀ ਇਸ ਕੇਸ ’ਚ ਅਦਾਲਤ ਨੇ ਸਬੂਤਾਂ ਦੀ ਘਾਟ ’ਚ ਸਥਾਨਕ ਨਿਵਾਸੀ ਅਰੁਣ ਨੂੰ ਬਰੀ ਕੀਤਾ ਹੈ। ਉਸ ਦੇ ਖਿਲਾਫ ਦੋਸ਼ ਸਾਬਤ ਨਹੀਂ ਹੋ ਸਕੇ। ਅਰੁਣ ’ਤੇ ਪੀੜਤਾ ਨੂੰ ਜ਼ਬਰਦਸਤੀ ਹੈਦਰਾਬਾਦ ਲਿਜਾਣ, ਉੱਥੇ ਨਸੀਮ ਨਾਲ ਮਿਲਵਾਉਣ ਤੇ ਉਸ ਨਾਲ ਜਬਰ-ਜ਼ਨਾਹ ਦੇ ਦੋਸ਼ ਸਨ, ਜਿਸ ਤਹਿਤ ਹੀ ਕੇਸ ’ਚ ਸਮੂਹਿਕ ਜਬਰ-ਜ਼ਨਾਹ ਦੀ ਧਾਰਾ ਜੋੜੀ ਗਈ ਸੀ।
ਪਿਛਲੇ ਸਾਲ ਸੈਕਟਰ-17 ਥਾਣਾ ਪੁਲਸ ਨੇ ਪੀੜਤਾ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ।
ਪੀੜਤਾ ਦੇ ਭਰਾ ਨੇ ਦੱਸਿਆ ਸੀ ਕਿ ਉਸਦੀ ਭੈਣ 4 ਸਤੰਬਰ 2017 ਨੂੰ ਘਰੋਂ ਬਾਹਰ ਘੁੰਮਣ ਗਈ ਸੀ ਪਰ ਉਹ ਵਾਪਸ ਨਹੀਂ ਆਈ। ਚਾਰ ਦਿਨ ਉਸਦੀ ਭਾਲ ਤੋਂ ਬਾਅਦ ਉਨ੍ਹਾਂ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਪੁਲਸ ਨੇ 8 ਸਤੰਬਰ ਨੂੰ ਪੀੜਤਾ ਦੇ ਭਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਸੀ। ਭਰਾ ਨੇ ਕਿਹਾ ਕਿ ਉਸਦੀ 17 ਸਾਲ ਦੀ ਭੈਣ ਨੂੰ ਬਹਿਲਾ-ਫੁਸਲਾ ਕੇ ਕੋਈ ਆਪਣੇ ਨਾਲ ਲੈ ਗਿਆ ਹੈ। ਕਈ ਦਿਨਾਂ ਬਾਅਦ ਪੀੜਤਾ ਘਰ ਵਾਪਸ ਆਈ। ਪੁਲਸ ਨੇ ਬਿਆਨ ਦਰਜ ਕੀਤੇ ਤਾਂ ਉਸਨੇ ਦੱਸਿਆ ਕਿ ਚੰਡੀਗੜ੍ਹ ਦਾ ਅਰੁਣ ਉਸਨੂੰ ਸੈਕਟਰ-17 ਬਸ ਅੱਡੇ ਤੋਂ ਜ਼ਬਰਦਸਤੀ ਹੈਦਰਾਬਾਦ ਲੈ ਗਿਆ ਸੀ। ਉਸਨੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਸ ਨਾਲ ਨਹੀਂ ਜਾਵੇਗੀ ਤਾਂ ਉਹ ਉਸਦੇ ਪਰਿਵਾਰ ਵਾਲਿਆਂ ਨੂੰ ਮਾਰ ਦੇਵੇਗਾ। ਹੈਦਰਾਬਾਦ ਲਿਜਾ ਕੇ ਉਸਨੇ ਉਸਨੂੰ ਇਕ ਕਮਰੇ ’ਚ ਰੱਖਿਆ, ਜਿਥੇ ਉਸਨੇ ਨਸੀਮ ਨਾਂ ਦੇ ਨੌਜਵਾਨ ਦੇ ਨਾਲ ਮਿਲ ਕੇ ਉਸ ਨਾਲ ਕਈ ਦਿਨ ਜਬਰ-ਜ਼ਨਾਹ ਕੀਤਾ।