ਪੁੱਤਰਾਂ ਵੱਲੋਂ ਘਰੋਂ ਕੱਢੇ ਬਜ਼ੁਰਗ ਪਿਓ ਦੀ ਮੌਤ

11/26/2019 7:42:09 PM

ਬਠਿੰਡਾ, (ਸੁਖਵਿੰਦਰ)— ਬੀਤੀ ਰਾਤ ਰੈਣ ਬਸੇਰੇ 'ਚ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੂੰ ਕੁਝ ਦਿਨ ਪਹਿਲਾਂ ਉਸ ਦੇ ਪੁੱਤਰਾਂ ਵੱਲੋਂ ਘਰ 'ਚੋਂ ਕੱਢ ਦਿੱਤਾ ਗਿਆ ਸੀ। ਜਾਣਕਾਰੀ ਦਿੰਦਿਆਂ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਬਜ਼ੁਰਗ (65) ਪਿਓ ਨੂੰ ਉਸ ਦੇ ਪੁੱਤਰਾਂ ਵੱਲੋਂ ਰਾਤ ਨੂੰ ਘਰੋਂ ਕੱਢ ਕੇ ਸ਼ਕਤੀ ਮਾਰਕੀਟ 'ਚ ਛੱਡ ਦਿੱਤਾ ਸੀ। ਇਸ ਤੋਂ ਬਾਅਦ ਸੰਸਥਾ ਵਰਕਰ ਟੇਕ ਚੰਦ ਮੌਕੇ 'ਤੇ ਪਹੁੰਚੇ ਅਤੇ ਬਜ਼ੁਰਗ ਦੇ ਦੱਸਣ 'ਤੇ ਉਸ ਨੂੰ ਉਸ ਦੇ ਘਰ ਛੱਡਣ ਲਈ ਗਏ ਪਰ ਉਸ ਦੇ ਪੁੱਤਰਾਂ ਵੱਲੋਂ ਆਪਣੇ ਪਿਓ ਨੂੰ ਘਰ 'ਚ ਰੱਖਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੰਸਥਾ ਵਰਕਰਾਂ ਵੱਲੋਂ ਬਜ਼ੁਰਗ ਨੂੰ ਰੈਣ ਬਸੇਰੇ 'ਚ ਰੱਖ ਕੇ ਉਸ ਦੀ ਦੇਖਭਾਲ ਕੀਤੀ ਜਾ ਰਹੀ ਸੀ ਪਰ ਬੀਤੀ ਰਾਤ ਉਕਤ ਬਜ਼ੁਰਗ ਦੀ ਮੌਤ ਹੋ ਗਈ। ਸੰਸਥਾ ਵਰਕਰਾਂ ਵੱਲੋਂ ਕੋਤਵਾਲੀ ਪੁਲਸ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਬਜ਼ੁਰਗ ਦੇ ਲੜਕਿਆਂ ਨੂੰ ਬੁਲਾ ਕੇ ਮ੍ਰਿਤਕ ਬਜ਼ੁਰਗ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਨ੍ਹਾਂ ਹਵਾਲੇ ਕਰ ਦਿੱਤੀ ਗਈ।


KamalJeet Singh

Content Editor

Related News