ਲੁਧਿਆਣਾ ਦੇ 100 ਕਰੋੜ ਦੇ ਘਪਲੇ ''ਚ ਜਾਂਚ ਲਈ ਅਧਿਕਾਰੀ ਨਹੀਂ ਕਰ ਰਹੇ ਸਹਿਯੋਗ, ਮਹਿਕਮੇ ਨੇ DC ਨੂੰ ਲਿਖਿਆ ਪੱਤਰ
Monday, Sep 11, 2023 - 03:59 PM (IST)

ਲੁਧਿਆਣਾ- ਹਾਲ ਹੀ ਵਿਚ ਲੁਧਿਆਣਾ ਦੇ 6 ਪਿੰਡਾਂ ਦੇ ਸਰਪੰਚਾਂ ਨੇ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੰਚਾਇਤੀ ਖ਼ਾਤਿਆਂ ਵਿੱਚੋਂ 100 ਕਰੋੜ ਰੁਪਏ ਕੱਢਵਾ ਲੈਣ ਦਾ ਵੱਡਾ ਘਪਲਾ ਸਾਹਮਣੇ ਆਇਆ ਸੀ। ਇਹ ਮਾਮਲਾ ਗ੍ਰਾਮ ਪੰਚਾਇਤ ਸਲੇਮਪੁਰ, ਸਲਕਿਆਣਾ, ਬੌਂਕਰ ਗੁਜਰਾਨ, ਕਡਿਆਣਾ ਖ਼ੁਰਦ ਅਤੇ ਧਨਾਨਸੂ ਨਾਲ ਸੰਬੰਧਤ ਹੈ। 2016-17 ਅਤੇ 2020-21 ਦੇ ਵਿਚਕਾਰ, ਇਨ੍ਹਾਂ ਪਿੰਡਾਂ ਦੀ ਕੁੱਲ 986 ਏਕੜ ਜ਼ਮੀਨ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ, ਪੀ. ਐੱਸ. ਆਈ. ਈ. ਸੀ. ਵੱਲੋਂ ਸਾਈਕਲ ਵੈਲੀ ਪ੍ਰਾਜੈਕਟ ਲਈ ਐਕੁਆਇਰ ਕੀਤੀ ਗਈ ਸੀ।
ਹੁਣ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਲੁਧਿਆਣਾ ਦੇ 100 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਰਿਕਾਰਡ ਨੂੰ ਸਥਾਨਕ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਬਰਾਮਦ ਕਰਨ ਲਈ ਪੁਲਸ ਕੋਲ ਪਹੁੰਚ ਕੀਤੀ ਹੈ, ਜੋ ਚੱਲ ਰਹੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ।
ਨਿਯਮਾਂ ਮੁਤਾਬਕ ਪੈਸਾ ਜਾਂ ਤਾਂ ਜ਼ਮੀਨ ਖ਼ਰੀਦਣ 'ਤੇ ਖ਼ਰਚਿਆ ਜਾਣਾ ਚਾਹੀਦਾ ਸੀ ਜਾਂ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਖ਼ਾਤੇ ਵਿੱਚ ਰੱਖਿਆ ਜਾਣਾ ਚਾਹੀਦਾ ਸੀ। ਹਾਲਾਂਕਿ ਇਹ ਪੈਸਾ ਗੈਰ-ਕਾਨੂੰਨੀ ਢੰਗ ਨਾਲ ਖ਼ਾਤਿਆਂ ਵਿਚੋਂ ਕਢਵਾ ਲਿਆ ਗਿਆ ਅਤੇ ਸ਼ੱਕੀ ਕੰਮਾਂ 'ਤੇ ਖ਼ਰਚ ਕੀਤਾ ਗਿਆ। ਦਰਅਸਲ ਇਹ ਮਾਮਲਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਜਾਂਚ ਦੇ ਹੁਕਮ ਦਿੱਤੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵੱਡੀ ਰਕਮ ਦਾ ਗਬਨ ਕੀਤਾ ਗਿਆ ਸੀ ਪਰ ਜਾਂਚ ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸਥਾਨਕ ਅਧਿਕਾਰੀ ਸਹਿਯੋਗ ਨਹੀਂ ਕਰ ਰਹੇ ਅਤੇ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਗਿਆ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਵਾਰ-ਵਾਰ ਪੱਤਰ ਲਿਖ ਕੇ ਕਿਹਾ ਹੈ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 198(2) ਤਹਿਤ 10 ਦਿਨ ਪਹਿਲਾਂ ਸਰਚ ਵਾਰੰਟ ਜਾਰੀ ਕੀਤੇ ਗਏ ਸਨ ਪਰ ਸਬੰਧਤ ਪਿੰਡਾਂ ਦੇ ਤਿੰਨ ਪੰਚਾਇਤ ਸਕੱਤਰਾਂ ਨੇ ਰਿਕਾਰਡ ਜਮ੍ਹਾ ਨਹੀਂ ਕੀਤਾ। ਵਿਭਾਗ ਨੇ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਪੰਚਾਇਤ ਸਕੱਤਰਾਂ ਤੋਂ ਰਿਕਾਰਡ ਬਰਾਮਦ ਕਰਕੇ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਸੌਂਪਣ ਲਈ ਸਬੰਧਤ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦੇਣ।
ਇਸ ਤੋਂ ਇਲਾਵਾ ਵਿਭਾਗ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਪੱਤਰ ਲਿਖ ਕੇ ਬੈਂਕਾਂ ਤੋਂ ਕਢਵਾਉਣ ਵਾਲੇ ਵਾਊਚਰਾਂ ਦੇ ਸਟੇਟਮੈਂਟਾਂ ਸਮੇਤ ਰਿਕਾਰਡ ਹਾਸਲ ਕਰਨ ਵਿੱਚ ਮਦਦ ਕਰਨ ਲਈ ਕਿਹਾ ਹੈ। ਵਿਭਾਗ ਨੇ ਕਿਹਾ ਕਿ ਬੈਂਕਾਂ ਦੀਆਂ ਸ਼ਾਖਾਵਾਂ, ਜਿੱਥੇ ਛੇ ਪੰਚਾਇਤਾਂ ਦੇ ਖ਼ਾਤੇ ਖੋਲ੍ਹੇ ਗਏ ਸਨ, ਨੇ ਵੀ ਜਾਂਚ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ‘ਆਪ’ ਦੀ ਮਿਸ਼ਨ-24 ਮੁਹਿੰਮ, CM ਅਰਵਿੰਦ ਕੇਜਰੀਵਾਲ 13 ਨੂੰ ਆਉਣਗੇ ਅੰਮ੍ਰਿਤਸਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ