ਮੌਜੂਦਾ ਹਾਲਾਤ ਦੇ ਮੱਦੇਨਜ਼ਰ ਘਬਰਾਓ ਨਾ, ਪਰ ਸੁਚੇਤ ਰਹੋ : ਡੀਸੀ

Friday, May 09, 2025 - 08:10 PM (IST)

ਮੌਜੂਦਾ ਹਾਲਾਤ ਦੇ ਮੱਦੇਨਜ਼ਰ ਘਬਰਾਓ ਨਾ, ਪਰ ਸੁਚੇਤ ਰਹੋ : ਡੀਸੀ

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ) : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਹੱਦ ‘ਤੇ ਬਣੇ ਮੌਜੂਦਾ ਹਾਲਾਤਾ ਦੇ ਮੱਦੇਨਜਰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਹਰ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਰਮੀ ਤੇ ਏਅਰ ਫੋਰਸ ਨਾਲ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਹਰੇਕ ਨਾਗਰਿਕ ਨੂੰ ਸੁਚੇਤ ਅਤੇ ਜ਼ਿੰਮੇਵਾਰੀ ਵਾਲੀ ਭੁਮਿਕਾ ਨਿਭਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦਿਨ ਵੇਲੇ ਵੀ ਪੂਰੀ ਇਹਤਿਆਤ ਵਰਤੀ ਜਾਵੇ ਅਤੇ ਜਿਥੋਂ ਤੱਕ ਹੋ ਸਕੇ ਘਰਾਂ ਦੇ ਅੰਦਰ ਹੀ ਰਿਹਾ ਜਾਵੇ। ਜਨਤਕ ਇਕੱਠ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚਲੇ ਮੈਰਿਜ ਪੈਲੇਸਾਂ ਅਤੇ ਬੈਂਕੁਇਟ ਹਾਲਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਗ੍ਰਾਹਕਾਂ ਨੂੰ ਘੱਟ ਤੋਂ ਘੱਟ ਇਕੱਠ ਕਰਨ ਸਬੰਧੀ ਜਾਗਰੂਕ ਕਰਨ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਿਵਲ ਡਿਫੈਂਸ ਦੀ ਇਨਰੋਲਮੈਂਟ ਸ਼ੁਰੂ ਕੀਤੀ ਗਈ ਹੈ ਅਤੇ ਹਰੇਕ ਐਸ.ਡੀ.ਐਮ. ਦਫ਼ਤਰ ਵਿਖੇ ਇਹ ਇਨਰੋਲਮੈਂਟ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਦੇ ਪਤੇ ਅਤੇ ਫੋਨ ਨੰਬਰ ਜਲਦ ਹੀ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹੇ ਦੀਆਂ ਐਨ.ਜੀ.ਓਜ਼, ਐਨ.ਸੀ.ਸੀ, ਸਿਵਲ ਡਿਫੈਂਸ ਦੇ ਮੈਂਬਰ, ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਵੱਖ-ਵੱਖ ਸੇਵਾਵਾਂ ਲਈ ਟ੍ਰੇਨਿੰਗ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦ ਕੋਈ  ਖ਼ਤਰੇ ਦਾ ਸੰਕੇਤ ਮਿਲਦਾ ਹੈ ਤਾਂ ਬਲੈਕਆਉਟ ਕੀਤਾ ਜਾਵੇਗਾ। ਇਸ ਲਈ ਹਰੇਕ ਨਾਗਰਿਕ ਨੂੰ ਇਸ ਸਬੰਧੀ ਕੁਝ ਜਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਬਿਨ੍ਹਾਂ ਬਲੈਕਆਉਟ ਤੋਂ ਵੀ ਰਾਤ ਸਮੇਂ ਕੋਈ ਬੇਲੋੜੀ ਲਾਈਟ ਨਾ ਹੀ ਜਗਾਈ ਜਾਵੇ ਤਾਂ ਬਿਹਤਰ ਹੈ।

ਡਿਪਟੀ ਕਮਿਸ਼ਨਰ ਨੇ ਬਲੈਕਆਉਟ ਪ੍ਰੋਟੋਕਾਲ ਦਿਸ਼ਾ-ਨਿਰਦੇਸ਼ ਸਾਂਝੇ ਕਰਦਿਆਂ ਕਿਹਾ ਕਿ ਸਾਇਰਨ ਦਾ ਮਤਲਬ ਅਸਲ ਖਤਰਾ ਹੈ ਅਤੇ ਰਾਤ ਸਮੇਂ ਬਿਜਲੀ ਜਾਣ ਨੂੰ ਵੀ ਖਤਰੇ ਦਾ ਸੰਕੇਤ ਮੰਨਿਆ ਜਾਵੇ। ਇਸ ਲਈ ਜਦੋਂ ਖਤਰੇ ਦਾ ਸੰਕੇਤ ਮਿਲੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰੋ। ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ, ਜੋ ਬਾਹਰੋਂ ਦਿਸ ਸਕਦੀ ਹੋਵੇ। ਬਿਜਲੀ ਬੰਦ ਹੋਣ ‘ਤੇ ਇਨਵਰਟਰ ਜਾਂ ਜਨਰੇਟਰ ਨਾਲ ਵੀ ਕੋਈ ਲਾਈਟ ਨਾ ਜਗਾਓ। ਖਿੜਕੀਆਂ ਤੇ ਪਰਦੇ ਲਗਾ ਕੇ ਰੱਖੋ ਅਤੇ ਅੰਦਰ ਤੋਂ ਵੀ ਕੋਈ ਰੌਸ਼ਨੀ ਬਾਹਰ ਨਾ ਆਵੇ। ਆਪਣੇ ਫੋਨ ਪਹਿਲਾਂ ਤੋਂ ਹੀ ਚਾਰਜ ਰੱਖੋ।

ਜਦੋਂ ਬਲੈਕ ਆਉਟ ਹੋਵੇ ਜਾਂ ਖਤਰੇ ਦਾ ਸੰਦੇਸ਼ ਹੋਵੇ ਤਾਂ ਤੁਰੰਤ ਨੇੜੇ ਦੀ ਕਿਸੇ ਇਮਾਰਤ ਵਿਚ ਸ਼ਰਨ ਲਵੋ। ਜੇਕਰ ਇਮਾਰਤ ਬਹੁ ਮੰਜ਼ਿਲਾ ਹੈ ਤਾਂ ਹੇਠਲੇ ਤਲ ‘ਤੇ ਆ ਜਾਵੋ। ਇਮਾਰਤ ਦੇ ਅੰਦਰ ਵੀ ਕਿਸੇ ਕੋਨੇ ਵਿਚ ਸ਼ਰਨ ਲਵੋ। ਖਿੜਕੀਆਂ ਦੇ ਨੇੜੇ ਨਾ ਜਾਓ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖਤ ਹੇਠ ਸ਼ਰਨ ਲਵੋ। ਜੇਕਰ ਦਰਖ਼ਤ ਨਾ ਹੋਵੇ ਤਾਂ ਛਾਤੀ ਭਾਰ ਲੇਟ ਕੇ ਜ਼ਮੀਨ ਤੇ ਕੁਹਣੀਆਂ ਲਗਾਉਂਦੇ ਹੋਏ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਵੋ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਨੂੰ  ਸਾਈਡ ‘ਤੇ ਰੋਕ ਕੇ ਵਾਹਨ ਦੇ ਥੱਲੇ ਆ ਜਾਓ ਤੇ ਉਸਦੀਆਂ ਲਾਈਟਾਂ ਬੰਦ ਕਰ ਦਿਓ। ਨੇੜੇ ਦੀ ਇਮਾਰਤ ਵਿਚ ਜਾਂ ਦਰਖਤ ਹੇਠ ਜਾਂ ਉਪਰੋਕਤ ਦੱਸੇ ਅਨੁਸਾਰ ਖੁੱਲ੍ਹੇ ਵਿਚ ਲੇਟ ਜਾਓ। ਜਦੋਂ ਤੱਕ ਖਤਰੇ ਦਾ ਅਲਰਟ ਟਲੇ ਨਾ, ਇਮਾਰਤ ਤੋਂ ਬਾਹਰ ਨਾ ਆਵੋ।

ਜੇਕਰ ਡਰੋਨ ਜਾਂ ਕੋਈ ਉਡਦੀ ਚੀਜ਼ ਵੇਖੋ ਤਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਫੋਨ ਨੰਬਰ 01882-220412 ‘ਤੇ ਇਤਲਾਹ ਦਿਓ ਪਰ ਇਸ ਤਰ੍ਹਾਂ ਦੀ ਚੀਜ਼ ਵੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾ ਕਰੋ, ਕਿਉਂਕਿ ਅਜਿਹਾ ਕਰਦੇ ਸਮੇਂ ਤੁਹਾਡੇ ਮੋਬਾਇਲ ਦੀ ਸਕਰੀਨ ਦੀ ਰੌਸ਼ਨੀ ਤੁਹਾਨੂੰ ਖਤਰੇ ਵਿਚ ਪਾ ਸਕਦੀ ਹੈ। ਬਲੈਕ ਆਉਟ ਸਮੇਂ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਨਾ ਹੀ ਛੱਤਾਂ ਤੇ ਜਾਓ।  ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੋਲਰ ਲਾਈਟਾਂ ਵੀ ਰਾਤ ਸਮੇਂ ਬੰਦ ਰੱਖੀਆਂ ਜਾਣ।

ਇਹ ਕੰਮ ਨਾ ਕੀਤੇ ਜਾਣ
ਕੋਈ ਵੀ ਲਾਈਟ ਚਾਲੂ ਨਾ ਕਰੋ, ਛੋਟੀ ਤੋਂ ਛੋਟੀ ਰੋਸ਼ਨੀ ਜਾਂ ਸਕਰੀਨ ਦੀ ਚਮਕ ਵੀ ਲੁਕਾ ਦਿਓ। ਸਾਇਰਨ ਦੇ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ। ਜਿੱਥੇ ਹੋ, ਉਥੇ ਹੀ ਰੁਕ ਜਾਓ। ਕਿਸੇ ਵੀ ਝਰੋਖੇ ਜਾਂ ਦਰਵਾਜ਼ੇ ਨੂੰ ਨਾ ਖੋਲ੍ਹੋ। ਬਾਹਰ ਰੋਸ਼ਨੀ ਜਾਣਾ ਸਖ਼ਤ ਮਨਾਹੀ ਹੈ। ਇਸਨੂੰ ਮੌਕਾ ਅਭਿਆਸ ਸਮਝਣ ਦੀ ਭੁੱਲ ਨਾ ਕਰੋ ਹੁਣ ਹਰ ਸਾਇਰਨ ਅਸਲ ਖਤਰੇ ਦੀ ਨਿਸ਼ਾਨੀ ਹੈ। ਅਫਵਾਹਾਂ ਨਾ ਫੈਲਾਓ ਅਤੇ ਨਾ ਵਿਸ਼ਵਾਸ ਕਰੋ। ਕੇਵਲ ਸਰਕਾਰੀ ਹਦਾਇਤਾਂ ਉੱਤੇ ਭਰੋਸਾ ਕੀਤਾ ਜਾਵੇ।


author

Baljit Singh

Content Editor

Related News