ਨੋ ਪਾਰਕਿੰਗ ’ਚ ਖਡ਼੍ਹੇ 31 ਦੋਪਹੀਆ ਵਾਹਨਾਂ ਦੇ ਚਲਾਨ,  ਲਾਏ ਵ੍ਹੀਲ ਕਲੈਂਪ

01/22/2019 4:33:42 AM

ਚੰਡੀਗਡ਼੍ਹ, (ਸੁਸ਼ੀਲ)- ਨੋ ਪਾਰਕਿੰਗ ’ਚ ਖਡ਼੍ਹੀਅਾਂ ਗੱਡੀਆਂ ਦੇ ਵ੍ਹੀਲ ਕਲੈਂਪ ਲਾਉਣ ਤੋਂ ਬਾਅਦ ਹੁਣ ਟ੍ਰੈਫਿਕ ਪੁਲਸ ਨੇ ਦੋਪਹੀਆ ਵਾਹਨਾਂ ਦੇ ਟਾਇਰਾਂ ’ਤੇ ਵ੍ਹੀਲ ਕਲੈਂਪ ਲਾਉਣੇ ਸ਼ੁਰੂ ਕਰ ਦਿੱਤੇ। ਸੋਮਵਾਰ ਤੋਂ ਟ੍ਰੈਫਿਕ ਪੁਲਸ ਨੇ ਇਸਦੀ ਸ਼ੁਰੂਆਤ ਸੈਕਟਰ-34 ਤੋਂ ਕੀਤੀ।  ਸਡ਼ਕ ’ਤੇ ਨੋ ਪਾਰਕਿੰਗ ’ਚ ਖਡ਼੍ਹੀਆਂ ਬਾਈਕਸ ਅਤੇ ਐਕਟਿਵਾ ’ਤੇ ਵ੍ਹੀਲ ਕਲੈਂਪ ਲਾ ਦਿੱਤੇ ਗਏ। ਇਸ ਤੋਂ ਬਾਅਦ ਪੁਲਸ ਨੇ ਚਲਾਨ ਦਾ ਸਟਿੱਕਰ ਦੋਪਹੀਆ ਵਾਹਨਾਂ ’ਤੇ ਚਿਪਕਾ ਦਿੱਤਾ। ਟ੍ਰੈਫਿਕ ਵਿੰਗ ’ਚ ਤਾਇਨਾਤ ਸਬ-ਇੰਸਪੈਕਟਰ ਸਰਵਣ ਕੁਮਾਰ ਨੇ ਆਪਣੀ ਟੀਮ ਨਾਲ ਪਹਿਲੇ ਦਿਨ 31 ਦੋਪਹੀਆ ਵਾਹਨਾਂ ਦੇ ਨੋ ਪਾਰਕਿੰਗ ਦੇ ਚਲਾਨ ਕੀਤੇ ਹਨ।
ਐੱਮ. ਐੱਲ. ਏ. ਅਤੇ ਹਾਈ ਕੋਰਟ ਦੇ ਰਜਿਸਟਰਾਰ ਦੀ ਗੱਡੀ ਦਾ ਹੋ ਚੁੱਕਿਆ ਚਲਾਨ : ਨੋ ਪਾਰਕਿੰਗ ਸਕੁਐਡ ’ਚ ਤਾਇਨਾਤ ਸਬ-ਇੰਸਪੈਕਟਰ ਸਰਵਣ ਕੁਮਾਰ ਨੇ ਕਰੀਬ ਇਕ ਮਹੀਨਾ ਪਹਿਲਾਂ ਸੈਕਟਰ-34 ’ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਦੀ ਨੋ ਪਾਰਕਿੰਗ ’ਚ ਖਡ਼੍ਹੀ ਗੱਡੀ ਦਾ ਵ੍ਹੀਲ ਕਲੈਂਪ ਲਾ ਕੇ ਚਲਾਨ ਕੀਤਾ ਸੀ। ਇਸ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੇ ਪੰਜਾਬ ਦੇ ਫਿਰੋਜ਼ਪੁਰ ਦੀ ਐੱਮ. ਐੱਲ. ਏ.  ਸਤਕਾਰ ਕੌਰ ਦੀ ਥਾਰ ਜੀਪ ਦਾ ਨੋ ਪਾਰਕਿੰਗ ਦਾ ਚਲਾਨ ਕੀਤਾ ਸੀ।  
ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਚਲਾਈ ਹੋਈ ਹੈ ਮੁਹਿੰਮ : ਨੋ ਪਾਰਕਿੰਗ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਚੰਡੀਗਡ਼੍ਹ ਟ੍ਰੈਫਿਕ ਪੁਲਸ ਨੂੰ ਜੰਮ ਕੇ ਫਟਕਾਰ ਲਾਈ ਸੀ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਨੋ ਪਾਰਕਿੰਗ ’ਚ ਵਾਹਨਾਂ ਦੇ ਚਲਾਨ ਕਰਨ ਲਈ 6 ਸਕੁਐਡ ਬਣਾਏ ਸਨ।


Related News