ਚੁੰਨੀ ਨਾਲ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼

Saturday, Dec 22, 2018 - 05:00 AM (IST)

ਲੁਧਿਆਣਾ, (ਵਰਮਾ)- ਥਾਣਾ ਵੂਮੈਨ ਸੈੱਲ ਦੀ ਪੁਲਸ ਨੇ 2 ਵਿਆਹੁਤਾਵਾਂ ਦੀ ਸ਼ਿਕਾਇਤ ’ਤੇ ਸਹੁਰਿਆਂ ਵਲੋਂ ਦਾਜ ਮੰਗਣ ਦੇ ਦੋਸ਼ ’ਚ ਕੇਸ ਦਰਜ ਕੀਤੇ ਹਨ । ਪਹਿਲੇ ਮਾਮਲੇ ’ਚ ਅਮਨਦੀਪ ਕੌਰ ਵਾਸੀ ਨਿਊ ਕੁਲਦੀਪ ਨਗਰ ਜੋਧੇਵਾਲ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 2 ਮਈ 2018 ਨੂੰ ਆਪਣੇ ਪਤੀ, ਸੱਸ, ਸਹੁਰੇ, ਨਣਾਨ, ਜੇਠ, ਜੇਠਾਣੀ ਖਿਲਾਫ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਉਸ ਨੂੰ ਦਾਜ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ 1 ਫਰਵਰੀ 2013 ਨੂੰ ਪ੍ਰਦੀਪ ਕੁਮਾਰ ਵਾਸੀ ਕੈਲਾਸ਼ ਨਗਰ ਜੋਧੇਵਾਲ ਨਾਲ ਹੋਇਆ ਸੀ, ਪੀਡ਼ਤਾ ਦੇ ਭਰਾ ਯੋਗੇਸ਼ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਮੇਰੀ ਭੈਣ ਦੇ ਸਹੁਰੇ ਉਸ ਨਾਲ ਦਾਜ ਲਈ ਭੈਡ਼ਾ ਵਰਤਾਓ ਕਰਨ ਲੱਗੇ, ਜਦੋਂ ਕਿ ਅਸੀਂ ਵਿਆਹ ਵਿਚ ਸਭ ਕੁਝ ਦਿੱਤਾ ਸੀ ਪਰ ਉਹ ਮੇਰੀ ਭੈਣ ਨੂੰ ਹੋਰ ਦਾਜ ਲਈ ਵਾਰ-ਵਾਰ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ। ਸਹੁਰਿਆਂ ਨੇ ਮੇਰੀ ਭੈਣ ਦੇ ਗਲ ’ਚ ਚੁੰਨੀ ਪਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਮੇਰੀ ਭੈਣ ਨੂੰ ਮਾਰਨ ਲੱਗੇ ਤਾਂ ਵਿਚੋਲਾ ਉੱਥੇ ਅਚਾਨਕ ਪਹੁੰਚ ਗਿਆ, ਜਿਸ ਕਾਰਨ ਮੇਰੀ ਭੈਣ ਦੀ ਜਾਨ ਬਚ ਗਈ। ਉਸ ਤੋਂ ਬਾਅਦ ਅਸੀਂ ਆਪਣੀ ਭੈਣ ਦਾ ਘਰ ਵਸਾਉਣ ਲਈ ਕਈ ਵਾਰ ਪੰਚਾਇਤੀ ਫੈਸਲੇ ਕੀਤੇ ਪਰ ਉਹ ਹਰ ਵਾਰ ਆਪਣੇ ਫੈਸਲੇ ਤੋਂ ਮੁੱਕਰ ਜਾਂਦੇ ਸਨ। ਉਪਰੰਤ ਇਕ ਦਿਨ ਭੈਣ ਨੂੰ ਤੇ ਉਸ ਦੇ ਬੀਮਾਰ ਬੇਟੇ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਕਹਿਣ ਲੱਗੇ ਕਿ ਆਪਣੇ ਬੇਟੇ ਨੂੰ ਪੇਕੇ ਲਿਜਾ ਕੇ ਇਸ ਦਾ ਇਲਾਜ ਕਰਵਾ। ਅਸੀਂ ਇਸ ਦਾ ਇਲਾਜ ਨਹੀਂ ਕਰਵਾ ਸਕਦੇ। ਜਾਂਚ ਅਧਿਕਾਰੀ ਮੱਖਣ ਸਿੰਘ ਨੇ ਦੱਸਿਆ ਕਿ ਸ਼ਿਕਾਇਤ ’ਤੇ ਪਤੀ, ਸੱਸ, ਸਹੁਰੇ, ਨਣਾਨ, ਜੇਠ ਤੇ ਜੇਠਾਣੀ ਖਿਲਾਫ ਸ਼ਿਕਾਇਤ ਦਿੱਤੀ ਸੀ, ਉਸ ਦੀ ਜਾਂਚ ਕਰਨ ’ਤੇ ਸਿਰਫ ਉਸ ਦੇ ਪਤੀ ਪ੍ਰਦੀਪ ਕੁਮਾਰ, ਸਹੁਰੇ ਚਮਨ ਲਾਲ ਨੂੰ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਖਿਲਾਫ ਦਾਜ ਖਾਤਰ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। 
ਦੂਜਾ ਮਾਮਲਾ ਸਹੁਰਿਆਂ ਨੇ ਧੋਖੇ ਨਾਲ ਦਵਾਈ ਦੇ ਕੇ ਕਰਵਾਇਆ ਗਰਭਪਾਤ 
ਅਮਨਦੀਪ ਕੌਰ ਵਾਸੀ ਸਤਗੁਰੂ ਨਗਰ ਹੈਬੋਵਾਲ ਕਲਾਂ ਨੇ ਪੁਲਸ ਨੂੰ 17 ਸਤੰਬਰ 2018 ਨੂੰ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ ਦਿਲਬਾਗ ਸਿੰਘ ਵਾਸੀ ਗਡ਼੍ਹੀ ਫਤਿਹ ਖਾਂ ਐੱਸ. ਬੀ. ਐੱਸ. ਨਗਰ ਨਾਲ 16 ਮਾਰਚ 2015 ਨੂੰ ਹੋਇਆ ਸੀ। ਪੀਡ਼ਤਾ  ਦੇ ਪਿਤਾ ਸੁਰਿੰੰਦਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਮੇਰੀ ਧੀ ਦੇ ਸਹੁਰੇ ਦਾਜ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ। ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੇਰੀ ਧੀ 2 ਮਹੀਨਿਅਾਂ ਦੀ ਗਰਭਵਤੀ ਸੀ ਤਾਂ ਉਸ ਦੇ ਸਹੁਰਿਆਂ ਨੇ ਧੋਖੇ ਨਾਲ ਦਵਾਈ ਦੇ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ ਤੇ ਕਹਿਣ ਲੱਗੇ ਕਿ ਸਾਨੂੰ ਬੱਚੇ ਦੀ ਜ਼ਰੂਰਤ ਨਹੀਂ ਹੈ। ਮੈਂ ਆਪਣੀ ਧੀ  ਦੇ ਵਿਆਹ ’ਚ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ਸੀ ਪਰ ਉਨ੍ਹਾਂ ਦੀ ਨੀਅਤ ਨਹੀਂ ਭਰੀ ਤੇ ਵਾਰ-ਵਾਰ ਦਾਜ ਹੋਰ ਲਿਆਉਣ ਲਈ ਕੁੱਟ-ਮਾਰ  ਕਰਦੇ ਸਨ। ਮੈਂ ਆਪਣੀ ਧੀ ਦਾ ਘਰ ਵਸਾਉਣ ਤੇ ਉਸ ਦੀ ਖੁਸ਼ੀ ਦੀ ਖਾਤਰ ਸਹੁਰਿਆਂ ਨੂੰ ਲੱਖਾਂ ਰੁਪਏ ਦਿੱਤੇ ਪਰ ਉਹ ਵਾਰ-ਵਾਰ ਪੈਸਿਅਾਂ ਦੀ ਮੰਗ ਕਰਦੇ ਸਨ ਪਰ ਜਦੋਂ ਮੇਰੀ ਧੀ ਨੇ ਆਪਣੇ ਪੇਕਿਆਂ ਤੋਂ ਹੋਰ ਪੈਸੇ  ਲਿਆਉਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ  ਜਾਂਚ ਕਰਨ ’ਤੇ ਉਸ ਦੇ ਪਤੀ ਦਿਲਬਾਗ ਸਿੰਘ, ਸਹੁਰੇ ਸੋਮਨਾਥ, ਸੱਸ ਮਹਿੰਦਰ ਕੌਰ ਖਿਲਾਫ ਦਾਜ ਖਾਤਰ ਪ੍ਰੇਸ਼ਾਨ ਕਰਨ ਤੇ ਧਾਰਾ 313 ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
 


KamalJeet Singh

Content Editor

Related News