7 ਸਾਲ ਦੇ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸਾੜਨ ਵਾਲਾ ਪਿਤਾ ਗ੍ਰਿਫ਼ਤਾਰ

Sunday, Oct 20, 2024 - 01:24 PM (IST)

7 ਸਾਲ ਦੇ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸਾੜਨ ਵਾਲਾ ਪਿਤਾ ਗ੍ਰਿਫ਼ਤਾਰ

ਮੋਹਾਲੀ (ਸੰਦੀਪ) : ਆਪਣੇ ਹੀ 7 ਸਾਲ ਦੇ ਮਾਸੂਮ ਪੁੱਤਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅੱਗ ਲਾਉਣ ਦੇ ਦੋਸ਼ ’ਚ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਫੇਜ਼-8 ਦੀ ਝੁੱਗੀ ’ਚ ਰਹਿਣ ਵਾਲੇ ਰਾਜੂ ਗੋਸਵਾਮੀ ਵਜੋਂ ਹੋਈ ਹੈ। ਅੱਗ ਦੀ ਲਪੇਟ ’ਚ ਆ ਕੇ ਝੁਲਸਿਆ ਮਾਸੂਮ ਬੱਚਾ ਫੇਜ਼-6 ਸਥਿਤ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ, ਜਦਕਿ ਪੁਲਸ ਨੇ ਉਸ ਦੇ ਬਾਕੀ ਦੋ ਬੱਚਿਆਂ ਨੂੰ ਚਾਈਲਡ ਵੈੱਲਫੇਅਰ ਸੁਸਾਇਟੀ ’ਚ ਭੇਜ ਦਿੱਤਾ ਹੈ। ਥਾਣਾ ਫੇਜ਼-8 ਪੁਲਸ ਨੇ ਗੁਰਪ੍ਰੀਤ ਸਿੰਘ ਵਾਸੀ ਮੁਕਤਸਰ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦਲੇਰੀ ਦਿਖਾਉਂਦਿਆਂ ਬਚਾਈ ਮਾਸੂਮ ਦੀ ਜਾਨ
ਪੁਲਸ ਸ਼ਿਕਾਇਤ ’ਚ ਮੁਕਤਸਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਫੇਜ਼-7 ਤੋਂ ਸਾਈਕਲ ’ਤੇ ਨਿਕਲਿਆ ਸੀ। ਜਿਵੇਂ ਹੀ ਉਹ ਫੇਜ਼-8 ਸਥਿਤ ਝੁੱਗੀ-ਝੌਂਪੜੀਆਂ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਵਿਅਕਤੀ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਗੱਲ ਕਹਿੰਦੇ ਹੋਏ ਉਸ ਨੂੰ ਫੜ੍ਹ ਕੇ ਅੱਗ ਨਾਲ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਹੋਰ 2 ਬੱਚੇ ਵੀ ਡਰੇ ਖੜ੍ਹੇ ਸਨ। ਇਹ ਦੇਖ ਕੇ ਉਸ ਨੇ ਤੁਰੰਤ ਬੱਚੇ ਨੂੰ ਵਿਅਕਤੀ ਤੋਂ ਬਚਾਇਆ। ਇਸ ਦੌਰਾਨ ਅੱਗ ਲੱਗਣ ਕਾਰਨ ਬੱਚੇ ਦਾ ਮੂੰਹ ਤੇ ਛਾਤੀ ਸੜ ਗਈ। ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਫੇਜ਼-8 ਸਥਿਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਤੋਂ ਬੱਚੇ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਹੈ।
ਪਤਨੀ ਦੀ ਢਾਈ ਸਾਲ ਪਹਿਲਾਂ ਹੋ ਚੁੱਕੀ ਹੈ ਮੌਤ
ਸੂਚਨਾ ਮਿਲਦੇ ਹੀ ਥਾਣਾ ਫੇਜ਼-8 ਇੰਚਾਰਜ ਰੁਪਿੰਦਰ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਦੌਰਾਨ ਪਾਇਆ ਕਿ ਬੱਚੇ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਉਸ ਦਾ ਪਿਤਾ ਹੈ। ਇਸ ਤੋਂ ਬਾਅਦ ਪੁਲਸ ਨੇ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬਲ ਦੀ ਨਿਗਰਾਨੀ ਹੇਠ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ। ਜਾਂਚ ’ਚ ਸਾਹਮਣੇ ਆਇਆ ਕਿ ਉਸ ਦੀ ਪਤਨੀ ਅੰਜੂ ਗੋਸਵਾਮੀ ਦੀ ਕਰੀਬ ਢਾਈ ਸਾਲ ਪਹਿਲਾਂ ਕਿਸੇ ਕਾਰਨ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ 3 ਬੱਚੇ ਛੱਡ ਗਈ ਹੈ। ਉਹ ਬੱਚਿਆਂ ਦੇ ਪਾਲਣ-ਪੋਸ਼ਣ ਲਈ ਬਹੁਤ ਪਰੇਸ਼ਾਨ ਸੀ। ਜਿਸ ਕਾਰਨ ਉਸ ਨੇ ਆਪਣੇ 7 ਸਾਲ ਦੇ ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅੱਗ ਲਾ ਕੇ ਝੁਲਸਾਇਆ ਸੀ।


author

Babita

Content Editor

Related News