ਸੂਬੇ ''ਚ ਨਵੀਂ ਨੀਤੀ ਤਹਿਤ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਲੈਣ ਤੋਂ ਕੀਤੇ ‘ਹੱਥ ਖੜ੍ਹੇ’

06/13/2022 5:59:33 PM

ਮੋਗਾ (ਗੋਪੀ ਰਾਊਕੇ) : ਪੰਜਾਬ ਦੀ ‘ਆਪ’ ਸਰਕਾਰ ਵਲੋਂ ਆਪਣੀ ਪਹਿਲੀ ਐਕਸਾਇਜ਼ ਨੀਤੀ ਦਾ ਐਲਾਨ ਕਰਦੇ ਹੀ ਜਿੱਥੇ ਠੇਕੇਦਾਰਾਂ ਵਿਚ ‘ਭੰਬਲਭੂਸਾ’ ਪੈਦਾ ਹੋ ਗਿਆ ਹੈ, ਉੱਥੇ ਇਸ ਨੀਤੀ ਵਿਚ ਸ਼ਰਾਬ ਦੇ ਵੱਡੇ ਗਰੁੱਪ ਹੋਣ ਤੇ ਹੋਰਨਾਂ ਕਾਰਨਾਂ ਕਰਕੇ ਇਸ ਖਿੱਤੇ ਸਮੇਤ ਪੰਜਾਬ ਦੇ ਸ਼ਰਾਬ ਠੇਕੇਦਾਰਾਂ ਨੇ ਹਾਲ ਦੀ ਘੜੀ ਸ਼ਰਾਬ ਦੇ ਠੇਕੇ ਲੈਣ ਤੋਂ ਇਕ ਤਰ੍ਹਾਂ ਨਾਲ ‘ਹੱਥ ਖੜ੍ਹੇ’ ਕਰ ਦਿੱਤੇ ਹਨ। ਸ਼ਰਾਬ ਠੇਕੇਦਾਰਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ਰਾਬ ਦੇ ਠੇਕੇ ਘਟਾਉਣ ਕਰਕੇ ‘ਖਫ਼ਾ’ ਨਹੀਂ ਸਗੋ ਇਸ ਦੇ ਨਾਲ ਜਿਹੜੀ ਮੁੱਢਲੇ ਪੱਧਰ ’ਤੇ ਸਾਢੇ 17 ਫ਼ੀਸਦੀ ਸਕਾਉਰਿਟੀ ਜਮ੍ਹਾ ਕਰਵਾਉਣ ਅਤੇ ਹੋਰ ਨੀਤੀਆਂ ਹਨ ਉਹ ਠੀਕ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਨਾਲ ਸਮਝੌਤਾ

ਪਤਾ ਲੱਗਾ ਹੈ ਕਿ ਮੋਗਾ ਜ਼ਿਲ੍ਹੇ ਵਿਚ ਲਗਭਗ 30 ਕਰੋੜ ਦਾ ਗਰੁੱਪ ਹੈ ਜਦੋਂਕਿ ਪਿਛਲੇ ਸਾਲਾਂ ਦੌਰਾਨ 23 ਗਰੁੱਪ ਸਨ ਅਤੇ ਹੁਣ ਸਿਰਫ਼ 5 ਗਰੁੱਪ ਰਹਿ ਜਾਣੇ ਹਨ। ਇਕ ਸ਼ਰਾਬ ਠੇਕੇਦਾਰ ਨੇ ਦੱਸਿਆ ਕਿ ਛੋਟੇ ਗਰੁੱਪਾਂ ਨਾਲ ਆਮ ਲੋਕਾਂ ਦਾ ਵੀ ਰੁਜ਼ਗਾਰ ਚੱਲਦਾ ਸੀ ਜੋ ਥੋੜ੍ਹਾ ਕਾਰੋਬਾਰ ਕਰਨਾ ਚਾਹੁੰਦੇ ਹਨ ਪਰ ਇੰਨ੍ਹੇ ਵੱਡੇ ਗਰੁੱਪ ਰੱਖਣ ਦਾ ਸਿੱਧਾ ਮਤਲਬ ਹੈ ਕਿ ਪੰਜਾਬ ਸਰਕਾਰ ਆਪਣੇ ਚੁਨਿੰਦਾ ਵੱਡੇ ਧਨਾਢ ਠੇਕੇਦਾਰਾਂ ਨੂੰ ਠੇਕੇ ਦੇਣਾ ਚਾਹੁੰਦੀ ਹੈ ਪਰ ਅਸਲੀਅਤ ਇਹ ਹੈ ਕਿ ਉਹ ਇਸ ਨਵੀਂ ਸ਼ਰਾਬ ਨੀਤੀ ਦਾ ਵਿਰੋਧ ਕਰਨਗੇ।

ਇਹ ਵੀ ਪੜ੍ਹੋ- ਗ੍ਰਿਫ਼ਤਾਰੀ ਦੇ ਡਰੋਂ ਹਾਈਕੋਰਟ ਪਹੁੰਚੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਾਣੋ ਕੀ ਹੈ ਪੂਰਾ ਮਾਮਲਾ

ਠੇਕੇਦਾਰਾਂ ਨੇ ਕਿਹਾ ਕਿ ਲੁਧਿਆਣਾ ਅਤੇ ਚੰਡੀਗੜ੍ਹ ਵਿਖੇ ਮੀਟਿੰਗਾ ਕਰਕੇ ਠੇਕੇਦਾਰਾਂ ਨੇ ਅਗਲੀ ਰਣਨੀਤੀ ਘੜੀ ਹੈ ਅਤੇ ਉਸੇ ਤਹਿਤ ਹੀ ਹੁਣ ਮੋਗਾ ਜ਼ਿਲੇ ਦੇ ਠੇਕੇਦਾਰ ਵੀ ਇਸ ਮਾਮਲੇ ’ਤੇ ਇਕਸੁਰ ਹੋ ਕੇ ਅਗਲਾ ਸੰਘਰਸ਼ ਵਿੱਢਣਗੇ। ਪਤਾ ਲੱਗਾ ਹੈ ਕਿ ਐਕਸਾਇਜ਼ ਵਿਭਾਗ ਦੇ ਅਧਿਕਾਰੀ ਠੇਕੇਦਾਰਾਂ ਨੂੰ ਅਲਾਟਮੈਂਟ ਲਈ ਤਿਆਰ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਸ਼ਰਾਬ ਠੇਕੇਦਾਰ ਇਕ-ਦੂਜੇ ਗਰੁੱਪ ਵੱਲ ਦੇਖਦੇ ਹਨ। ਸ਼ਰਾਬ ਠੇਕੇਦਾਰਾਂ ਦੀ ‘ਚੁੱਪ’ ਭਾਵੇ ਹਾਲੇ ਕਈ ਦੱਸਣ ਤੋਂ ਰੋਕਦੀ ਹੈ ਪਰ ਇਹ ਤੈਅ ਹੈ ਕਿ ਸ਼ਰਾਬ ਠੇਕੇਦਾਰ ਇਸ ਨੀਤੀ ਤਹਿਤ ਸ਼ਰਾਬ ਕਾਰੋਬਾਰ ਕਰਨ ਦੇ ਪੱਖੀ ਨਹੀਂ ਹਨ ਕਿਉਕਿ ਸ਼ਰਾਬ ਠੇਕੇਦਾਰਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਫ਼ਿਰ ਸਰਕਾਰ ਨੇ ਬਾਂਹ ਨਾ ਫੜ੍ਹੀ ਤਾਂ ਉਨ੍ਹਾਂ ਦਾ ਹਾਲ ਮਾੜਾ ਹੋ ਸਕਦਾ ਹੈ।

ਮੋਗਾ ਵਿਖੇ ਹਾਲੇ ਵੀ ਸ਼ਰਾਬ ਮਹਿੰਗੀ

ਭਾਵੇਂ ਬਾਘਾਪੁਰਾਣਾ ਸਮੇਤ ਹੋਰਨਾਂ ਥਾਵਾਂ ’ਤੇ ਸ਼ਰਾਬ ਦੇ ਭਾਅ ਵਿਚ 40 ਫੀਸਦੀ ਘਾਟਾ ਹੋਇਆ ਹੈ ਪਰ ਮੋਗਾ ਵਿਖੇ ਹਾਲੇ ਵੀ ਸ਼ਰਾਬ ਮਹਿੰਗੀ ਹੈ ਕਿਉਕਿ ਸ਼ਰਾਬ ਠੇਕੇਦਾਰਾਂ ਨੇ ਮੋਗਾ ਵਿਖੇ 10 ਤੋਂ 20 ਫ਼ੀਸਦੀ ਭਾਅ ਹੀ ਘੱਟ ਕੀਤੇ ਹਨ। ਵਿਭਾਗੀ ਸੂਤਰ ਦੱਸਦੇ ਹਨ ਕਿ ਜੇਕਰ ਸਰਕਾਰ ਇਸ ਨੀਤੀ ਤਹਿਤ ਅਲਾਟਮੈਂਟ ਨਾ ਕਰਵਾ ਸਕੀ ਤਾਂ ਇਸ ਨਾਲ ਪੰਜਾਬ ਸਰਕਾਰ ਨੂੰ ਫ਼ਿਰ ਨਾਮੋਸ਼ੀ ਝੱਲਣੀ ਪੈ ਸਕਦੀ ਹੈ ਤੇ ਇਸੇ ਕਰਕੇ ਹੀ ਵਿਭਾਗ ਦੇ ਅਧਿਕਾਰੀ ਤਾਂ ਠੇਕੇਦਾਰਾਂ ਨੂੰ ਉਤਸ਼ਾਹ ਕਰ ਰਹੇ ਹਨ ਪਰ ਅਗਲੇ ਸਾਲ ਲਈ ਠੇਕੇ ਲੈਣ ਦੇ ਮਾਮਲੇ ’ਤੇ ਸ਼ਰਾਬ ਠੇਕੇਦਾਰ ਹਾਲੇ ਤੱਕ ਜੱਕੋ ਤੱਕੀ ਵਿਚ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News