ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ‘ਤੇ ਦੋ ਟਰਾਲਿਆਂ ਦੀ ਜ਼ਬਰਦਸਤ ਟੱਕਰ

Thursday, Apr 16, 2026 - 06:13 PM (IST)

ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ‘ਤੇ ਦੋ ਟਰਾਲਿਆਂ ਦੀ ਜ਼ਬਰਦਸਤ ਟੱਕਰ

ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਸ਼ਹਿਰ ਦੇ ਬਾਹਰਵਾਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਮੋਗਾ ਰੋਡ ਵਾਲੇ ਪੁਲ ਨੇੜੇ ਦੋ ਟਰਾਲਿਆਂ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ 4 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪ੍ਰੰਤੂ ਦੋਵਾਂ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ਵਿਚ ਇਕ ਟਰਾਲੇ ਦੇ ਡਰਾਈਵਰ ਦੇ ਵੀ ਜ਼ਖਮੀ ਹੋਣ ਦਾ ਪਤਾ ਲੱਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਪੁਲਸ ਅਤੇ ਸੜਕ ਸੁਰੱਖਿਆ ਫੋਰਸ ਮੌਕੇ ‘ਤੇ ਪਹੁੰਚ ਗਈ ਅਤੇ ਟਰੈਫਿਕ ਨੂੰ ਚਾਲੂ ਕਰਵਾਉਣ ਦੇ ਨਾਲ-ਨਾਲ ਮਾਮਲੇ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਪੇਪਰ ਰੋਲ ਦੀ ਸਪਲਾਈ ਲੈ ਕੇ ਮੱਧ ਪ੍ਰਦੇਸ਼ ਵੱਲ ਜਾ ਰਿਹਾ ਇਕ ਟਰਾਲਾ ਜਦ ਕੋਟਕਪੂਰਾ ਨੇੜੇ ਪੁੱਜਿਆ ਤਾਂ ਪਿੱਛੋਂ ਆ ਰਹੇ ਬੱਜਰੀ ਨਾਲ ਭਰੇ ਇਕ ਟਰਾਲੇ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪੇਪਰ ਰੋਲ ਨਾਲ ਭਰੇ ਟਰਾਲੇ ਦੀ ਪੂਰੀ ਬਾਡੀ ਖੁੱਲ੍ਹ ਗਈ ਅਤੇ ਸਮਾਨ ਸੜਕ ‘ਤੇ ਦੂਰ-ਦੂਰ ਖਿਲਰ ਗਿਆ। 

ਇਸ ਹਾਦਸੇ ਵਿਚ ਪਿੱਛੋਂ ਆ ਕੇ ਟਕਰਾਏ ਦੂਜੇ ਟਰਾਲੇ ਦਾ ਅੱਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਸਬੰਧ ਵਿਚ ਟਰਾਲਾ ਡਰਾਈਵਰ ਜਰਮਨ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਿਹਾ ਸੀ, ਇਸ ਦੌਰਾਨ ਪਿੱਛੋਂ ਆ ਰਹੇ ਟਰਾਲੇ ਦੇ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਵਾਹਨਾਂ ਦੇ ਮਾਲਕ ਮੌਕੇ ‘ਤੇ ਪਹੁੰਚ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
 


author

Gurminder Singh

Content Editor

Related News