ਮੋਟਰਸਾਈਕਲ ਸਵਾਰਾਂ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ, ਦੋ ਗੰਭੀਰ ਜ਼ਖ਼ਮੀ
Thursday, Jun 04, 2026 - 04:33 PM (IST)
ਜੈਤੋ (ਜਿੰਦਲ) : ਜੈਤੋ ਦੇ ਬਾਜਾਖਾਨਾ ਰੋਡ ਸਥਿਤ ਡਰੀਮ ਕ੍ਰਿਸਟਲ ਪੈਲਿਸ ਦੇ ਨਜ਼ਦੀਕ ਇਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਜੈਤੋ ਤੋਂ ਬਾਜਾਖਾਨਾ ਵੱਲ ਜਾ ਰਹੇ ਸਨ ਜਦੋਂ ਅਚਾਨਕ ਅੱਗੇ ਜਾ ਰਹੀ ਇਕ ਗੱਡੀ ਚਾਲਕ ਨੇ ਆਪਣੀ ਗੱਡੀ ਸੜਕ ਦੇ ਵਿਚਕਾਰ ਹੀ ਪਿੱਛੇ ਨੂੰ ਮੋੜ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਕਿਸੇ ਰਾਹਗੀਰ ਵੱਲੋਂ ਇਸ ਸਬੰਧੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ (ਰਜਿ.) ਗੰਗਸਰ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਸੂਚਨਾ ਦਿੱਤੀ ਗਈ।
ਖ਼ਬਰ ਮਿਲਦਿਆਂ ਹੀ ਸੋਸਾਇਟੀ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ, ਆਗੂ ਗੋਰਾ ਔਲਖ ਅਤੇ ਕੁਲਦੀਪ ਰਾਜਪੂਤ ਤੁਰੰਤ ਐਂਬੂਲੈਂਸ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਕ ਨੌਜਵਾਨ ਦਾ ਮੋਢਾ ਟੁੱਟਿਆ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ਰੈਫ਼ਰ ਕਰ ਦਿੱਤਾ ਅਤੇ ਦੂਜੇ ਨੂੰ ਜੈਤੋ ਵਿਖੇ ਹੀ ਦਾਖ਼ਲ ਕਰ ਲਿਆ। ਜ਼ਖ਼ਮੀਆਂ ਦੀ ਪਛਾਣ ਮੋਹਿਤ ਕੁਮਾਰ (32 ਸਾਲ) ਸਪੁੱਤਰ ਸੇਂਸਪਾਲ ਅਤੇ ਖੁਸ਼ੀ ਰਾਮ (35 ਸਾਲ) ਸਪੁੱਤਰ ਬਚਨ ਰਾਮ ਵਾਸੀਆਨ ਜੈਤੋ ਵਜੋਂ ਹੋਈ ਹੈ।
