ਮੋਟਰਾਂ ਵਾਲੀ ਬਿਜਲੀ ਸਪਲਾਈ ਠੱਪ ਹੋਣ ’ਤੇ ਕਿਸਾਨਾਂ ਨੇ ਘੇਰਿਆ ਲੱਖੇਵਾਲੀ ਦਾ ਬਿਜਲੀ ਗਰਿੱਡ ਅਤੇ ਦਫ਼ਤਰ

06/14/2021 4:30:23 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਖੇਤਾਂ ਦੀਆਂ ਮੋਟਰਾਂ ਵਾਲੀ ਬਿਜਲੀ ਸਪਲਾਈ ਠੱਪ ਹੋਣ ਕਰਕੇ ਇਸ ਖ਼ੇਤਰ ਦੇ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਅੱਜ ਸਵੇਰੇ ਮੰਡੀ ਲੱਖੇਵਾਲੀ ਸਥਿਤ ਬਿਜਲੀ ਬੋਰਡ ਦੇ ਗਰਿੱਡ ਅਤੇ ਦਫ਼ਤਰ ਨੂੰ ਘੇਰ ਲਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਰਦੇ ਮੀਂਹ ਦੌਰਾਨ ਕਿਸਾਨਾਂ ਨੇ ਰੋਸ ਧਰਨਾ ਜਾਰੀ ਰੱਖਿਆ। ਲੱਖੇਵਾਲੀ, ਨੰਦਗੜ੍ਹ, ਸੰਮੇਂਵਾਲੀ, ਗੰਧੜ੍ਹ, ਮਦਰੱਸਾ ਤੇ ਰੱਤਾਥੇੜ ਆਦਿ ਪਿੰਡਾਂ ਦੇ ਕਿਸਾਨਾਂ ਦਾ ਦੋਸ਼ ਸੀ ਕਿ ਉਕਤ ਮਹਿਕਮਾ ਬਿਜਲੀ ਸਪਲਾਈ ਬਹਾਲ ਨਹੀਂ ਕਰ ਰਿਹਾ, ਜਿਸ ਕਰਕੇ ਟਿਊਬਵੈੱਲ ਨਹੀਂ ਚੱਲ ਰਹੇ, ਜਦੋਂਕਿ ਪਾਣੀ ਦੀ ਹੁਣ ਲੋੜ ਹੈ। ਪਹਿਲਾਂ ਨਹਿਰ ਮਹਿਕਮੇ ਨੇ ਪਾਣੀ ਦੀ ਬੰਦੀ ਕਰ ਦਿੱਤੀ ਸੀ। 

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਸ਼ੇਰ ਬਾਜ ਸਿੰਘ ਲੱਖੇਵਾਲੀ ਤੋਂ ਇਲਾਵਾ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ ਤੇ ਐਪਾ ਬਰਾੜ ਨੇ ਦੱਸਿਆ ਕਿ ਸਬੰਧਿਤ ਅਧਿਕਾਰੀ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਹੇ। ਬਿਜਲੀ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਮੁਲਾਜ਼ਮ ਨਹੀਂ ਹਨ ਪਰ ਕਿਸਾਨ ਵਰਗ ਪ੍ਰੇਸ਼ਾਨ ਹੈ। ਮਹਿਕਮੇ ਦੇ ਐਕਸੀਅਨ ਪਰਮਪਾਲ ਸਿੰਘ ਬੁੱਟਰ ਧਰਨੇ ਵਾਲੀ ਥਾਂ ’ਤੇ ਪੁੱਜੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੇ ਸਬੰਧ ’ਚ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ।

ਕੀ ਕਹਿਣਾ ਹੈ ਐਕਸੀਅਨ ਦਾ 
ਐਕਸੀਅਨ ਪਰਮਪਾਲ ਸਿੰਘ ਬੁੱਟਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਬੰਦ ਪਈ ਬਿਜਲੀ ਸਪਲਾਈ  ਸ਼ਾਮ ਤੱਕ ਬਹਾਲ ਕਰ ਦਿੱਤੀ ਜਾਵੇਗੀ ਅਤੇ ਸ਼ੁਕਰਵਾਰ ਤੱਕ ਇਥੇ 8 ਮੁਲਾਜ਼ਮ ਹੋਰ ਭੇਜ ਦਿੱਤੇ ਜਾਣਗੇ। ਐਕਸੀਅਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ।
 


rajwinder kaur

Content Editor

Related News