ਮਾਂ ਦੇ ਭੋਗ ਸਮਾਗਮ ਲਈ ਅਾ ਰਹੀ ਅੌਰਤ ਦੀ ਸੜਕ ਹਾਦਸੇ ’ਚ ਮੌਤ, ਪੁੱਤਰ ਜ਼ਖਮੀ
Monday, Dec 03, 2018 - 04:53 AM (IST)

ਸਮਾਣਾ, (ਜ. ਬ.)– ਪਟਿਅਾਲਾ ਰੋਡ ’ਤੇ ਪੈਂਦੇ ਪਿੰਡ ਖੇੜੀ ਫੱਤਾ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਟੱਕਰ ’ਚ ਅੌਰਤ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ’ਤੇ ਸਵਾਰ ਉਸਦਾ ਪੁੱਤਰ ਜ਼ਖਮੀ ਹੋ ਗਿਅਾ। ਸਦਰ ਪੁਲਸ ਸਮਾਣਾ ਦੇ ਏ. ਐੱਸ. ਅਾਈ. ਅਤੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਪੂਰਨ ਸਿੰਘ ਨੇ ਦੱਸਿਅਾ ਕਿ ਜ਼ਖਮੀ ਬਲਜਿੰਦਰ ਸਿੰਘ ਪੁੱਤਰ ਪਾਲਾ ਸਿੰਘ ਨਿਵਾਸੀ ਚੂਹੜਪੁਰ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਅਾਪਣੀ ਮਾਤਾ ਗੁਰਮੀਤ ਕੌਰ (60) ਨਾਲ ਪਿੰਡ ਬਿਜਲਪੁਰ ’ਚ ਅਾਪਣੀ ਨਾਨੀ ਦੇ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਅਦਰਸ਼ ਨਰਸਿੰਗ ਕਾਲਜ ਨੇੜੇ ਸਮਾਣਾ ਵੱਲੋਂ ਅਾ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਇਸ ਦੁਰਘਟਨਾ ਦੌਰਾਨ ਉਹ ਸੜਕ ਕਿਨਾਰੇ ਮਿੱਟੀ ’ਤੇ ਅਤੇ ਉਸਦੀ ਮਾਤਾ ਸੜਕ ’ਤੇ ਜਾ ਡਿੱਗੀ। ਅਸੀਂ ਦੋਵੇਂ ਗੰਭੀਰ ਜ਼ਖਮੀ ਹੋ ਗਏ। ਸਾਨੂੰ ਦੋਵਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਲਿਜਾਇਅਾ ਗਿਅਾ, ਜਿਥੇ ਡਾਕਟਰਾਂ ਨੇ ਉਸਦਾ ਮਾਤਾ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀ ਪੂਰਨ ਸਿੰਘ ਨੇ ਦੱਸਿਅਾ ਕਿ ਬਲਜਿੰਦਰ ਸਿੰਘ ਦੇ ਬਿਅਾਨਾਂ ’ਤੇ ਸਦਰ ਪੁਲਸ ਵੱਲੋਂ ਕਾਰ ਸਵਾਰ ਹਰਦੇਵ ਸਿੰਘ ਨਿਵਾਸੀ ਹੌਡਲਾ (ਭੀਖੀ) ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਅਾ ਹੈ। ਅੌਰਤ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤਾ ਹੈ। ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ’ਚ ਲੈ ਕੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।