‘ਆਪ’ ਦੀ ਸਰਕਾਰ ਦੇ ਰਾਜ ''ਚ ਹੁਣ ਤੱਕ 25 ਤੋਂ ਵੱਧ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ : ਗੋਲਡੀ

04/28/2022 5:12:24 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਦਿੱਲੀ ਅਤੇ ਪੰਜਾਬ ਸਰਕਾਰ ਨੇ ਪਿਛਲੇ 'ਗਿਆਨ ਸਾਂਝਾ ਸਮਝੌਤੇ' ਉਤੇ ਦਸਤਖਤ ਕੀਤੇ ਹਨ। ਜਿਸ ਤੋਂ  ਬਾਅਦ ਵਿਰੋਧੀ ਧਿਰਾਂ ਨੇ ‘ਆਪ’ ਨੂੰ ਇਸ ਮੁੱਦੇ ਉਤੇ ਘੇਰ ਲਿਆ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਹੁਣ ਦਿੱਲੀ ਦਾ ਮੁੱਖ ਮੰਤਰੀ ਕਿਸੇ ਵੀ ਅਧਿਕਾਰੀ ਜਾਂ ਮੰਤਰੀ ਨੂੰ ਦਿੱਲੀ ਬੁਲਾ ਸਕਦਾ ਹੈ ਤੇ ਕੋਈ ਵੀ ਹੁਕਮ ਦੇ ਸਕਦਾ ਹੈ। ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਇਸ ਸਮਝੌਤੇ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਲਈ ਇਹ ਕਾਲਾ ਦਿਨ ਸੀ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਮ.ਓ.ਯੂ 'ਤੇ ਦਸਤਖਤ ਕਰਕੇ ਪੰਜਾਬ ਵਿੱਚ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਕਾਲੀ ਆਗੂ ਗੋਲਡੀ ਨੇ ਸਵਾਲ ਕੀਤਾ ਹੈ ਕਿ ਵਿਵਹਾਰਕ ਤੌਰ 'ਤੇ ਗਿਆਨ ਸਾਂਝਾ ਕਰਨ ਲਈ ਕੋਈ ਰੋਕ ਨਹੀਂ ਹੈ, ਬਿਨਾਂ ਸਮਝੌਤੇ ਕਿਸੇ ਨਾਲ ਵੀ ਗਿਆਨ ਸਾਂਝਾ ਕੀਤਾ ਜਾ ਸਕਦਾ ਹੈ। ਇਸ ਲਈ ਸਾਨੂੰ ਅਜਿਹੇ ਗਿਆਨ ਸਾਂਝਾ ਕਰਨ ਵਾਲੇ ਸਮਝੌਤਿਆਂ 'ਤੇ ਦਸਤਖਤ ਕਰਨ ਦੀ ਲੋੜ ਕਿਉਂ ਹੈ। ਦਾਲ ਵਿਚ ਕੁਝ ਕਾਲਾ ਜ਼ਰੂਰ ਹੈ।

ਇਹ ਵੀ ਪੜ੍ਹੋ : ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ

ਗੋਲਡੀ ਨੇ ਆਖਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਬੰਦੀ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਸਮਝੌਤੇ ਨਾਲ ਅੱਜ ਤੋਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ, ਸਗੋਂ ਕੇਜਰੀਵਾਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਤੋਂ ਪੰਜਾਬ ਦੇ ਅਫਸਰਾਂ ਲਈ ਹੁਕਮ ਹੋਣਗੇ,  ਸੂਬੇ ਦੀ ਕਮਾਨ ਕੇਰਜੀਵਾਲ ਹੱਥ ਹੋਵੇਗੀ ਅਤੇ ਭਗਵੰਤ ਮਾਨ ਨੇ ਕੁਰਸੀ ਪਿੱਛੇ ਪੰਜਾਬ ਕੇਰਜੀਵਾਲ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ  ਦਾਅ ਤੇ ਲਗਾ ਕੇ ਦੇਸ਼ ਤੇ ਰਾਜ ਕਰਨਾ ਚਾਹੁੰਦਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਇਹ ਸਮਝੌਤੇ ਪੰਜਾਬ ਸਰਕਾਰ ਵਲੋਂ ਰੱਦ ਨਾ ਕੀਤੇ ਗਏ ਤਾਂ  ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੇਗਾ ਕਿਉਂਕਿ ਪੰਜਾਬ ਦੇ ਹਿੱਤ ਕਦੇ ਵੀ ਕਿਸੇ ਦੀ ਝੋਲੀ ਵਿੱਚ ਨਹੀਂ ਪਾਉਣ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਪੰਜਾਬ ਸਰਕਾਰ ਲੋਕ ਮਸਲਿਆਂ ਨੂੰ ਲੈ ਕੇ ਗੂੰਗੀ ਅਤੇ ਬੋਲੀ ਹੋਈ ਬੈਠੀ ਹੈ। ਨਵੀਂ ਚੁਣੀ ਸਰਕਾਰ ਤੋਂ ਬਾਅਦ ਪੰਜਾਬ ਵਿੱਚ 25 ਦੇ ਕਰੀਬ ਕਿਸਾਨ ਖ਼ੁਦਕੁਸ਼ੀਆਂ ਕਰ ਗਏ ਹਨ ਜਿਨ੍ਹਾਂ ਸਬੰਧੀ  ਮੁੱਖ ਮੰਤਰੀ ਵੱਲੋਂ  ਕੋਈ ਉਪਰਾਲਾ ਨਹੀਂ ਕੀਤਾ ਗਿਆ। ਕਣਕ ਦੇ ਝਾੜ ਘਟਣ  ਕਾਰਨ ਕਿਸਾਨਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਅਤੇ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ  ਨਾਲ ਹਮਦਰਦੀ ਪ੍ਰਗਟ ਕਰਕੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News