ਮੋਗਾ ਦਾਣਾ ਮੰਡੀ ''ਚ ਹਜ਼ਾਰਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਸੁਰੱਖਿਆ ''ਰੱਬ ਆਸਰੇ''
Saturday, Apr 25, 2020 - 06:55 PM (IST)
ਮੋਗਾ,(ਗੋਪੀ ਰਾਊਕੇ) : ਇਕ ਪਾਸੇ ਜਿਥੇ ਕੋਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ 'ਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਆਦੇਸ਼ ਜਾਰੀ ਕੀਤੇ ਹਨ। ਉੱਥੇ ਦੂਜੇ ਪਾਸੇ ਖੰਨਾ ਮਗਰੋਂ ਏਸੀਆ ਦੀ ਦੂਜੀ ਸਭ ਤੋਂ ਵੱਡੀ ਦਾਣਾ ਮੰਡੀ ਮੋਗਾ 'ਚ ਜ਼ਮੀਨੀ ਹਕੀਕਤ ਇਹ ਹੈ, ਕਿ ਇੱਥੇ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ 'ਰੱਬ ਆਸਰੇ' ਹੈ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਜ਼ਿਲਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੁੱਲਣ ਦੇ ਨਾਲ-ਨਾਲ ਮੰਡੀ ਬੋਰਡ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠਣ ਲੱਗੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਸਭ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਪ੍ਰਸ਼ਾਸਨ ਤੇ ਵਿਭਾਗ ਕਰ ਰਿਹਾ ਹੈ, ਉਨ੍ਹਾਂ 'ਚੋਂ ਬਹੁਤੇ ਪ੍ਰਬੰਧ ਤਾਂ ਹਾਲੇ ਕਾਗਜ਼ਾਂ 'ਚ ਹੀ ਹਨ।
'ਜਗ ਬਾਣੀ' ਵਲੋਂ ਇਸ ਸਬੰਧ 'ਚ ਜਦੋਂ ਦਾਣਾ ਮੰਡੀ ਤੋਂ ਗਰਾਊਡ ਰਿਪੋਰਟ ਇਕੱਤਰ ਕਰਨ ਲਈ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਹੱਥ ਧੋਣ ਲਈ ਜਿਹੜੀਆਂ ਟੈਕੀਆਂ ਲਗਾਈਆਂ ਗਈਆਂ ਹਨ। ਉਨ੍ਹਾਂ 'ਚੋਂ ਇਕ 'ਚ ਤਾਂ ਪਾਣੀ ਹੀ ਨਹੀਂ ਸੀ, ਸਗੋਂ ਦੂਜੀ 'ਚ ਪਾਣੀ ਤਾਂ ਸੀ ਪਰ ਇਸ ਕੋਲ ਹੱਥ ਧੋਣ ਲਈ ਲੋੜੀਂਦਾ ਸਾਬਣ ਦੇਖਣ ਨੂੰ ਨਹੀਂ ਮਿਲਿਆ। ਇਸ ਦੇ ਨਾਲ ਹੀ ਦਾਣਾ ਮੰਡੀ ਵਿਚ ਹੱਥ ਧੋਣ ਵਾਲੀਆਂ ਟੈਕੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਇਹ ਪਾਣੀ ਖੁੱਲ੍ਹੇ ਟੋਇਆਂ 'ਚ ਖੜ੍ਹਨ ਲੱਗਾ ਹੈ, ਜਿਸ ਕਰਕੇ ਖੁੱਲ੍ਹੇਆਮ ਖੜਨ ਵਾਲੇ ਪਾਣੀ ਕਰਕੇ ਮੱਛਰ ਪੈਦਾ ਹੋ ਰਿਹਾ ਹੈ। ਸਿਹਤ ਵਿਭਾਗ ਦੇ ਸੂਤਰ ਦੱਸਦੇ ਹਨ, ਕਿ ਹੁਣ ਜਦੋ ਮੌਸਮ ਅਨੁਸਾਰ ਮਲੇਰੀਆਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਇਸ ਵੇਲੇ ਸਾਫ਼ ਸਫ਼ਾਈ ਦੇ ਪ੍ਰਬੰਧ ਮੁਕੰਮਲ ਕਰਨੇ ਜ਼ਰੂਰੀ ਬਣਦੇ ਹਨ ਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਤੇ ਵੀ ਗੰਦਾ ਪਾਣੀ ਨਾ ਖੜ੍ਹੇ ਪਰ ਮੰਡੀ 'ਚ ਖੜ੍ਹਨ ਲੱਗਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇਣ ਲੱਗਾ ਹੈ। ਦੂਜੇ ਪਾਸੇ ਲੋਕਾਂ ਦੀ ਮੰਗ ਹੈ ਕਿ ਮੰਡੀ 'ਚ ਡਾਕਟਰਾਂ ਦੀ ਤਾਇਨਾਤੀ ਵੀ ਹੋਵੇ ਤਾਂ ਜੋ ਮੰਡੀ 'ਚ ਕਿਸੇ ਨੂੰ ਕੋਈ ਦਿੱਕਤ ਪੇਸ਼ ਆਉਣ 'ਤੇ ਤਰੁੰਤ ਡਾਕਟਰੀ ਸਹਾਇਤਾ ਮਿਲ ਸਕੇ।