ਮੋਗਾ ਤੋਂ ਮੱਖੂ ਬਣ ਰਿਹਾ ਨਵਾਂ ਜੀ. ਟੀ. ਰੋਡ ਕਿਸਾਨਾਂ ਲਈ ਬਣਿਆ ਸ਼ਰਾਪ

07/16/2019 11:42:21 AM

ਫਤਿਹਗੜ ਪੰਜਤੂਰ/ਧਰਮਕੋਟ (ਰੋਮੀ, ਅਕਾਲੀਆ ਵਾਲਾ)—ਮੋਗਾ ਤੋਂ ਮੱਖੂ ਸੜਕ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਸੀ, ਨੂੰ ਬਣਾਉਣ ਲਈ ਇਲਾਕੇ ਦੇ ਲੋਕਾਂ ਵਲੋਂ ਸਮੇਂ-ਸਮੇਂ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸੱਤਾਧਾਰੀ ਵਿਧਾਇਕਾਂ ਤੇ ਮੰਤਰੀਆਂ ਤੱਕ ਦੇ ਹਾੜੇ ਕੱਢੇ ਗਏ। ਲੋਕਾਂ ਦੀਆਂ ਆਸਾਂ ਨੂੰ ਪਿਛਲੇ ਸਾਲ ਉਸ ਸਮੇਂ ਬੂਰ ਪਿਆ ਜਦੋਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਯਤਨਾਂ ਸਦਕਾ ਭਾਰਤ ਦੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ ਮੋਗਾ ਤੋਂ ਮੱਖੂ ਤੱਕ ਬਣਨ ਵਾਲੀ ਸੜਕ ਨੂੰ ਬਿਕਾਇਦਾ ਤੌਰ 'ਤੇ ਕੌਮੀ ਮਾਰਗ ਐਲਾਨਿਆ ਗਿਆ। ਲੰਮੇ ਸਮੇਂ ਬਾਅਦ ਮੋਗਾ ਤੋਂ ਮੱਖੂ ਤੱਕ ਨਵੀਂ ਸੜਕ ਬਣਾਉਣ ਦਾ ਕੰਮ ਪਿਛਲੇ ਸਮੇਂ ਦੌਰਾਨ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਜੋ ਮੁਕੰਮਲ ਹੋਣ ਦੇ ਨੇੜੇ ਵੀ ਪਹੁੰਚ ਚੁੱਕਾ ਹੈ, ਪਰ ਇਸ ਨਵੀਂ ਬਣ ਰਹੀ ਸੜਕ ਨਾਲ ਜਿਥੇ ਰਾਹਗੀਰਾਂ ਨੂੰ ਤਾਂ ਪ੍ਰੇਸ਼ਾਨੀ ਤੋਂ ਨਿਜਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ, ਪਰ ਉਥੇ ਹੀ ਇਸ ਸੜਕ ਨੂੰ ਬਣਾਉਣ ਵੇਲੇ ਪਾਣੀ ਦੀਆਂ ਨਿਕਾਸੀ ਵਾਲੀਆਂ ਪੁਲੀਆਂ ਨੂੰ ਬੰਦ ਕਰ ਦੇਣ ਕਰ ਕੇ ਪਿੰਡ ਕੜਾਹੇਵਾਲਾ ਦੇ ਕਿਸਾਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਪਿੰਡ ਕੜਾਹੇਵਾਲਾ ਦੇ ਕਿਸਾਨ ਬਲਵੀਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ, ਮਲਕੀਤ ਸਿੰਘ, ਅਤਰ ਸਿੰਘ, ਜਗੀਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੋਗਾ ਤੋਂ ਮੱਖੂ ਨੂੰ ਜੋ ਨਵੀਂ ਜੀ. ਟੀ. ਰੋਡ ਬਣ ਰਹੀ ਹੈ ਤੇ ਪਿੰਡ ਕੜਾਹੇਵਾਲਾ ਦੀ ਹੱਦ 'ਚ ਜੋ ਕਿ ਮੋਗੇ ਜ਼ਿਲੇ ਦਾ ਅਖੀਰਲਾ ਪਿੰਡ ਹੈ। ਉਸ ਰੋਡ 'ਤੇ ਪੁਰਾਣੇ ਸਮੇਂ ਤੋਂ ਹੀ ਪਾਣੀ ਦੇ ਨਿਕਾਸੀ ਲਈ ਸੜਕ ਦੇ ਆਰ-ਪਾਰ ਤਿੰਨ ਪੁਲੀਆਂ ਚੱਲ ਰਹੀਆਂ ਸਨ ਪਰ ਸੜਕ ਬਣਾਉਂਦੇ ਹੋਏ ਪੀ. ਡਬਲਯੂ. ਡੀ. ਮਹਿਕਮੇ ਵਲੋਂ ਇਕ ਪੁਲੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤੇ ਇਕ ਪੁਲੀ ਜੋ ਕਿ ਪਿੰਡ ਕੜਾਹੇਵਾਲਾ ਦੇ ਬੱਸ ਅੱਡੇ ਕੋਲ ਪੱਛਮ ਵਾਲੇ ਪਾਸੇ ਹੈ, ਉਹ ਵੀ ਬਿਲਕੁਲ ਬੰਦ ਕੀਤੀ ਹੋਈ ਹੈ ਤੇ ਦੂਸਰੀ ਸਾਈਡ 'ਤੇ ਖੱਡਾ ਪੁੱਟਿਆ ਹੋਇਆ ਹੈ।

ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਖੇਤਾਂ 'ਚੋਂ ਪਾਣੀ ਦਾ ਨਿਕਾਸ ਬਿਲਕੁਲ ਬੰਦ ਹੋ ਚੁੱਕਿਆ ਹੈ, ਜਿਸ ਕਰ ਕੇ ਸੜਕ ਦੇ ਨਾਲ ਲੱਗਦੇ ਖੇਤਾਂ 'ਚ ਖੜੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ, ਪਰ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਸਾਡੀ ਸਾਰ ਨਹੀਂ ਲਈ, ਜਿਸ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ 'ਚ ਹਨ। ਉਨ੍ਹਾਂ ਕਿਹਾ ਕਿ ਸੜਕ 'ਤੇ ਪੁੱਟੇ ਗਏ ਖੱਡੇ ਕਾਰਨ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਪ੍ਰਸ਼ਾਸਨ ਸਿੱਧੇ ਤੌਰ 'ਤੇ ਇਸਦਾ ਜ਼ਿੰਮੇਵਾਰ ਹੋਵੇਗਾ।


Shyna

Content Editor

Related News