ਦਾਜ ਲਈ ਪਤੀ ਅਤੇ ਸਹੁਰੇ ਪਰਿਵਾਰ ਨੇ ਕੁੱਟ-ਮਾਰ ਕਰ ਕੇ ਨੂੰਹ ਨੂੰ ਕੱਢਿਆ ਘਰੋਂ

02/04/2020 11:55:17 AM

ਮੋਗਾ (ਆਜ਼ਾਦ): ਮੋਗਾ ਨਿਵਾਸੀ ਇਕ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਨਕਦੀ, ਇਨੋਵਾ ਗੱਡੀ ਅਤੇ ਹੋਰ ਸਾਮਾਨ ਦੀ ਮੰਗ ਪੂਰੀ ਨਾ ਕਰਨ 'ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸ ਦਾ ਵਿਆਹ 22 ਜੂਨ, 2019 ਨੂੰ ਜੇ. ਡੀ. ਪੈਲੇਸ ਪਟਿਆਲਾ 'ਚ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਹਰਸ਼ ਗੁਪਤਾ ਪੁੱਤਰ ਰਾਜੇਸ਼ ਗੁਪਤਾ ਨਿਵਾਸੀ ਦਸਮੇਸ਼ ਕਾਲੋਨੀ ਨਾਭਾ (ਪਟਿਆਲਾ) ਨਾਲ ਹੋਇਆ ਸੀ। ਮੇਰੇ ਪੇਕੇ ਪਰਿਵਾਰ ਵੱਲੋਂ ਵਿਆਹ 'ਤੇ ਕਰੀਬ 27 ਲੱਖ ਰੁਪਏ ਖਰਚ ਕੀਤੇ ਗਏ ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦਾਜ ਤੋਂ ਖੁਸ਼ ਨਹੀਂ ਸੀ। ਉਹ ਮੈਨੂੰ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਤੰਗ-ਪ੍ਰੇਸ਼ਾਨ ਕਰਨ ਲੱਗੇ ਅਤੇ ਆਪਣੇ ਪੇਕਿਆਂ ਤੋਂ ਇਕ ਇਨੋਵਾ ਗੱਡੀ ਅਤੇ 20 ਲੱਖ ਰੁਪਏ ਨਕਦ ਲਿਆਉਣ ਲਈ ਕਹਿਣ ਲੱਗੇ। ਮੇਰਾ ਪਤੀ ਅਕਸਰ ਹੀ ਦੇਰ ਨਾਲ ਘਰ ਆਉਂਦਾ ਸੀ ਅਤੇ ਮੇਰੇ ਨਾਲ ਗੱਲਬਾਤ ਕਰਨ 'ਤੇ ਟਾਲ-ਮਟੋਲ ਕਰਦਾ ਰਹਿੰਦਾ ਸੀ, ਜਦ ਮੈਂ ਆਪਣੇ ਕਮਰੇ 'ਚ ਜਾਂਦੀ ਤਾਂ ਉਹ ਕਿਸੇ ਬਹਾਨੇ ਛੱਤ 'ਤੇ ਚਲਾ ਜਾਂਦਾ। 17 ਜੁਲਾਈ, 2019 ਨੂੰ ਉਸ ਦਾ ਪਤੀ ਛੱਤ 'ਤੇ ਗਿਆ ਤਾਂ ਮੈਂ ਵੀ ਉਸ ਦੇ ਪਿੱਛੇ ਚਲੀ ਗਈ ਤਾਂ ਦੇਖਿਆ ਕਿ ਉਸ ਦਾ ਪਤੀ ਚਿੱਟੇ ਦਾ ਸੇਵਨ ਕਰ ਰਿਹਾ ਸੀ, ਜਿਸ 'ਤੇ ਮੈਂ ਹੱਥ ਮਾਰ ਕੇ ਉਸ ਨੂੰ ਸੁੱਟ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਥੱਪੜ ਮਾਰੇ। ਮੈਂ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਪਰ ਤਦ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਹੈ। ਉਪਰੰਤ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੇ ਮੈਨੂੰ ਮੇਰੇ ਦਿਓਰ ਕਾਰਤਿਕ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਕਿਹਾ ਤਾਂ ਕਿ ਉਨ੍ਹਾਂ ਦੀ ਇੱਜ਼ਤ ਬਚੀ ਰਹੇ।

ਇਕ ਦਿਨ ਜਦ ਘਰ ਦੇ ਸਾਰੇ ਮੈਂਬਰ ਵਿਆਹ 'ਤੇ ਗਏ ਹੋਏ ਸਨ ਤਾਂ ਮੇਰੇ ਦਿਓਰ ਨੇ ਮੈਨੂੰ ਘਰ ਆ ਕੇ ਫੜ ਲਿਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ, ਮੈਂ ਕਿਸੇ ਤਰ੍ਹਾਂ ਉਸ ਦੀ ਚੁੰਗਲ 'ਚੋਂ ਆਪਣੇ ਆਪ ਨੂੰ ਛੁਡਵਾਇਆ ਅਤੇ ਕਮਰੇ 'ਚ ਬੰਦ ਕਰ ਲਿਆ ਅਤੇ ਆਪਣੀ ਇੱਜ਼ਤ ਬਚਾਈ, ਜਦ ਮੇਰੀ ਸੱਸ-ਸਹੁਰਾ ਘਰ ਆਏ ਤਾਂ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਨ੍ਹਾਂ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਨ੍ਹਾਂ ਮੇਰਾ ਪੱਖ ਲੈਣ ਦੀ ਬਜਾਏ ਉਨ੍ਹਾਂ ਮੇਰੇ ਦਿਓਰ ਦਾ ਪੱਖ ਲਿਆ। ਆਖਿਰ ਉਨ੍ਹਾਂ ਮੈਨੂੰ ਕਿਹਾ ਕਿ ਜਦ ਤੱਕ ਉਹ ਇਨੋਵਾ ਗੱਡੀ ਅਤੇ 20 ਲੱਖ ਰੁਪਏ ਆਪਣੇ ਪੇਕਿਆਂ ਤੋਂ ਨਹੀਂ ਲੈ ਕੇ ਆਉਂਦੀ, ਤਦ ਤੱਕ ਅਸੀਂ ਉਸ ਨੂੰ ਨਹੀਂ ਰੱਖਾਂਗੇ। ਮੇਰੇ ਵੱਲੋਂ ਵਿਰੋਧ ਕਰਨ 'ਤੇ ਉਨ੍ਹਾਂ ਮੇਰੀ 11 ਜੁਲਾਈ, 2019 ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਘਰੋਂ ਕੱਢ ਦਿੱਤਾ, ਜਿਸ 'ਤੇ ਮੈਂ ਆਪਣੇ ਪੇਕੇ ਘਰ ਫੋਨ ਕੀਤਾ ਅਤੇ ਮੇਰਾ ਭਰਾ ਮੇਰੇ ਕੋਲ ਆਇਆ ਅਤੇ ਮੈਨੂੰ ਆਪਣੇ ਨਾਲ ਲੈ ਗਿਆ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਜਿੱੱਥੇ ਧੋਖਾ ਕੀਤਾ ਹੈ, ਉਥੇ ਹੀ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ। ਜਦ ਮੇਰੇ ਪਿਤਾ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੰਚਾਇਤੀ ਤੌਰ 'ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਕਾਰਣ ਮੇਰੇ ਪਿਤਾ ਨੂੰ ਹਾਰਟ ਅਟੈਕ ਵੀ ਹੋ ਗਿਆ ਅਤੇ ਉਨ੍ਹਾਂ ਨੂੰ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ। ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਵੂਮੈਨ ਸੈੱਲ ਮੋਗਾ ਦੀ ਇੰਚਾਰਜ ਨਵਨੀਤ ਕੌਰ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਮੋਗਾ 'ਚ ਪੀੜਤਾ ਦੇ ਪਤੀ ਹਰਸ਼ ਗੁਪਤਾ ਅਤੇ ਦਿਓਰ ਕਾਰਤਿਕ ਗੁਪਤਾ ਪੁੱਤਰ ਰਾਜੇਸ਼ ਗੁਪਤਾ ਨਿਵਾਸੀ ਗਲੀ ਨੰਬਰ-1 ਨਾਭਾ ਪਟਿਆਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Shyna

Content Editor

Related News