ਮੋਦੀ ਨੇ 5 ਸਾਲ ਦੇਸ਼ ਦੇ ਲੋਕਾਂ ਨੂੰ ਲਾਰਿਆਂ ’ਚ ਰੱਖ ਕੇ ਕੀਤਾ ਗੁੰਮਰਾਹ : ਪ੍ਰਨੀਤ ਕੌਰ

05/16/2019 3:08:36 AM

ਪਟਿਆਲਾ, (ਰਾਜੇਸ਼)- 2014 ’ਚ ਨਰਿੰਦਰ ਮੋਦੀ ਨੇ ਭਾਜਪਾ ਦੇ ਚੋਣ ਮੈਨੀਫੈਸਟੋ ’ਚ ਸਰਕਾਰ ਬਣਾਉਣ ਲਈ ਜੋ ਝੂਠੇ ਵਾਅਦੇ ਕੀਤੇ ਸਨ, ਉਸ ਦਾ ਖੋਖਲਾਪਣ ਇਨ੍ਹਾਂ ਲੋਕ ਸਭਾ ਚੋਣਾਂ ’ਚ ਮੋਦੀ ਨੇ ਆਪਣੇ ਚੋਣ ਪ੍ਰਚਾਰ ’ਚ ਖੁਦ ਹੀ ਜੱਗ-ਜ਼ਾਹਰ ਕਰ ਦਿੱਤਾ। ਉਸ ਨੇ ਆਪਣੇ ਪ੍ਰਚਾਰ ਦੌਰਾਨ ਪਿਛਲੇ 5 ਸਾਲਾਂ ’ਚ ਕੀਤੇ ਕਿਸੇ ਵੀ ਕੰਮ ਦਾ ਅਤੇ ਨਾ ਹੀ ਭਵਿੱਖ ’ਚ ਦੇਸ਼ ਲਈ ਕੀ ਕਰਨਾ ਚਾਹੁੰਦੇ ਹਨ? ਦਾ ਜ਼ਿਕਰ ਕੀਤਾ ਹੈ। ਇਹ ਖੁਦ ’ਚ ਭਾਰਤ ਦੇ ਲੋਕਤੰਤਰ ਦੇ ਇਤਿਹਾਸ ’ਚ ਆਮ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਹੈ।

ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਨਵੀਂ ਦਾਣਾ ਮੰਡੀ ਸਰਹਿੰਦ ਰੋਡ ਵਿਖੇ ਵਾਰਡ ਨੰ. 14 ਦੇ ਕੌਂਸਲਰ ਰਿਚੀ ਡਕਾਲਾ ਦੀ ਅਗਵਾਈ ਹੇਠ ਆਯੋਜਿਤ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਇਹ ਵੀ ਦਾਅਵਾ ਕਰਦਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਅਤੇ ਦੇਸ਼ ਦੇ ਹਰੇਕ ਨਾਗਰਿਕ ਦੇ ਖਾਤੇ ’ਚ ਘੱਟੋ-ਘੱਟ 15 ਲੱਖ ਰੁਪਏ ਜ਼ਰੂਰ ਆਉਣਗੇ। ਆਪਣੇ ਕਾਰਜਕਾਲ ਦੌਰਾਨ ਮੋਦੀ ਨੇ ਕਦੇ ਵੀ ਲੋਕਾਂ ਦੇ ਮਨਾਂ ਦੀ ਗੱਲ ਨਹੀਂ ਕੀਤੀ ਸਗੋਂ ਹਮੇਸ਼ਾ ਆਪਣੇ ਮਨ ਦੀਆਂ ਗੱਲਾਂ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਮਹਾਰਾਣੀ ਪ੍ਰਨੀਤ ਕੌਰ ਅਤੇ ਬ੍ਰਹਮ ਮਹਿੰਦਰਾ ਨੇ ਇਲਾਕੇ ਦੇ ਕੌਂਸਲਰ ਰਿਚੀ ਡਕਾਲਾ ਵੱਲੋਂ ਕੀਤੇ ਗਏ ਲਾਮਿਸਾਲ ਇਕੱਠ ਲਈ ਰਿਚੀ ਡਕਾਲਾ ਦੀ ਪਿੱਠ ਥਾਪਡ਼ੀ। ਪ੍ਰਨੀਤ ਕੌਰ ਨੇ ਮੋਦੀ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਕਈ ਵੱਡੇ ਬੈਂਕ ਘਪਲੇ ਸਾਹਮਣੇ ਆਏ। ਮੋਦੀ ਨੇ ਖੁਦਕੁਸ਼ੀ ਕਰ ਰਹੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਵੱਡੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਰਜ਼ੇ ਮੁਆਫ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਵਾਰੀ ਕਿਸਾਨਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਕੋਲ ਪਹੁੰਚ ਕੀਤੀ ਗਈ ਪਰ ਮੋਦੀ ਨੇ ਪੰਜਾਬ ਨੂੰ ਇਕ ਫੁੱਟੀ ਕੌਡੀ ਵੀ ਰਾਹਤ ਵਜੋਂ ਨਹੀਂ ਦਿੱਤੀ।

ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੀ ਅਾਲੋਚਨਾ ਕਰਦਿਆਂ ਕਿਹਾ ਕਿ ਮੋਦੀ ਦਾਅਵਾ ਕਰਦਾ ਸੀ ਕਿ ਦੇਸ਼ ਦੇ ਲੋਕਾਂ ਦੇ ਚੰਗੇ ਦਿਨ ਆਉਣਗੇ। ਸਗੋਂ ਮੋਦੀ ਨੇ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਕਰ ਕੇ ਲੋਕਾਂ ਦੇ ਬੁਰੇ ਦਿਨ ਲੈ ਆਂਦੇ ਹਨ। ਨੋਟਬੰਦੀ ਤੋਂ ਬਾਅਦ 2 ਹਜ਼ਾਰ ਦੇ ਵੱਡੇ ਨੋਟ ਆਉਣ ਨਾਲ ਕਾਲੇ ਧਨ ਨੂੰ ਹੋਰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਲੰਮੇ ਕਾਰਜਕਾਲ ਦੌਰਾਨ ਪਟਿਆਲੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਪਟਿਆਲੇ ਦਾ ਵਿਕਾਸ ਤਾਂ ਕੀ ਕਰਨਾ ਸੀ ਸਗੋਂ ਇਥੋਂ ਦੀਆਂ ਸਰਕਾਰੀ ਜਾਇਦਾਦਾਂ ਵੇਚ ਕੇ ਪੈਸਾ ਬਾਹਰਲੇ ਜ਼ਿਲਿਆਂ ’ਚ ਲਾ ਦਿੱਤਾ। ਖੁਦ ਨੂੰ ਪੰਜਾਬ ਹਿਤੈਸ਼ੀ ਵਿਸ਼ੇਸ਼ ਕਰ ਕੇ ਕਿਸਾਨ ਹਿਤੈਸ਼ੀ ਕਹਿਣ ਵਾਲੀ ਅਕਾਲੀ ਪਾਰਟੀ ਨੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਸਗੋਂ ਪੰਜਾਬ ’ਚ ਮਾਫੀਆ ਰਾਜ ਰਾਹੀਂ ਲੋਕਾਂ ਨੂੰ ਲੁੱਟਿਆ ਗਿਆ। ਆਮ ਲੋਕਾਂ ਦੇ ਹਿਤਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰਜ਼ੇ ’ਚ ਡੁੱਬੇ ਛੋਟੇ ਕਿਸਾਨਾਂ ਦੀ ਬਾਂਹ ਫਡ਼ੀ ਅਤੇ ਉਨ੍ਹਾਂ ਨੂੰ ਕਰਜ਼ੇ ਤੋਂ ਰਾਹਤ ਦਿਵਾਉਣ ਵਾਸਤੇ 2-2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ। ਇਸ ਮੌਕੇ ਸੰਤ ਬਾਂਗਾ, ਚਿਮਨ ਲਾਲ ਡਕਾਲਾ, ਅਨਿਲ ਮੌਦਗਿਲ, ਗੁਰਜੀਤ ਸਿੰਘ ਗੁਰੀ, ਦੇਵੀ ਦਿਆਲ ਗੋਇਲ, ਸੁਖਜਿੰਦਰ ਸਿੰਘ ਮਾਨਸ਼ਾਹੀਆ ਅਤੇ ਰਿੱਚੀ ਡਕਾਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਆਡ਼੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰ, ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਅਤੇ ਕੌਂਸਲਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ।


Bharat Thapa

Content Editor

Related News