ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸ ਲਿਆ ਕੇ ਦੇਸ਼ ਦੇ ਅੰਨਦਾਤਾ ਦੀ ਪਿੱਠ ''ਚ ਮਾਰਿਆ ਛੁਰਾ  : ਨਜ਼ੀਰ

09/27/2020 4:09:40 PM

ਮਾਲੇਰਕੋਟਲਾ(ਜ਼ਹੂਰ/ਸ਼ਹਾਬੂਦੀਨ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਲਈ ਮਾਰੂ ਸਾਬਤ ਹੋਣਗੇ ਕਿਸਾਨਾਂ ਨੂੰ ਭਰੋਸੇ 'ਚ ਨਾ ਲੈ ਕੇ ਅਤੇ ਤਾਨਾਸ਼ਾਹੀ ਢੰਗ ਨਾਲ ਪਾਸ ਕੀਤੇ ਇਹ ਬਿੱਲ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਜੋ ਵੀ ਸੰਘਰਸ਼ ਉਲੀਕਣਗੀਆਂ, ਉਸ 'ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਯੂਥ ਕਾਂਗਰਸ ਵੱਲੋਂ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨ ਭਰਾਵਾਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਮਾਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਨਜ਼ੀਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ 'ਚ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਕਿਸਾਨੀ ਦੇ ਸਿਰ 'ਤੇ ਚੱਲ ਰਹੇ ਹਨ, ਜੇਕਰ ਕਿਸਾਨੀ ਹੀ ਖਤਮ ਹੋ ਗਈ ਤਾਂ ਇਸ ਦਾ ਹੋਰ ਬਹੁਤ ਸਾਰੇ ਰੁਜ਼ਗਾਰ ਵਸੀਲਿਆਂ ਉੱਪਰ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਐਮ.ਐਸ.ਪੀ. ਕਿਸਾਨਾਂ ਲਈ ਲਾਈਫ ਲਾਈਨ ਹੁੰਦੀ ਸੀ ਅਤੇ ਹੁਣ ਨਰਿੰਦਰ ਮੋਦੀ ਸਰਕਾਰ ਨੇ ਐਮ.ਐਸ.ਪੀ ਖਤਮ ਕਰ ਕੇ ਕਿਸਾਨਾਂ ਦੀ ਮੌਤ ਦਾ ਵਾਰੰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਕਿਸਾਨਾਂ ਦੇ ਹੱਕ 'ਚ ਡੱਟ ਕੇ ਖੜ੍ਹੀ ਹੈ। ਸ਼੍ਰੀ ਨਜ਼ੀਰ ਨੇ ਕਿਹਾ ਕਿ ਸੱਤਾ ਦੇ ਨਸ਼ੇ 'ਚ ਚੂਰ ਨਰਿੰਦਰ ਮੋਦੀ ਨੇ ਅਜਿਹੇ ਕਾਲੇ ਕਾਨੂੰਨ ਲਿਆ ਕਿ ਦੇਸ਼ ਦੇ ਅੰਨਦਾਤਾ ਦੀ ਪਿੱਠ 'ਚ 
ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਭਾਰੀ ਭਾਰ ਹੇਠ ਦੱਬਿਆ ਹੋਇਆ ਹੈ ਜਿਸ ਤੋਂ ਪ੍ਰੇਸ਼ਾਨ ਹੋ ਕੇ ਹਜ਼ਾਰਾਂ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਇਸ ਮੁਸ਼ਕਲ 'ਚੋਂ ਬਾਹਰ ਕੱਢਣ ਦੀ ਜਗ੍ਹਾ ਭਾਜਪਾ ਸਰਕਾਰ ਕਿਸਾਨਾਂ ਨੂੰ ਹੋਰ ਵੀ ਦਲਦਲ 'ਚ ਸੁੱਟ ਰਹੀ ਹੈ ਜੋ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਹਿਤੈਸ਼ੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਸਿਰਾਂ ਤੋਂ ਕਰਜ਼ੇ ਦੀ ਪੰਡ ਉਤਾਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਵਿਰੋਧੀ ਨਰਿੰਦਰ ਮੋਦੀ ਦੀ ਜ਼ਾਲਮ ਸਰਕਾਰ ਅਜਿਹੇ ਕਿਸਾਨ ਵਿਰੋਧੀ ਆਰਡੀਨੈਂਸ ਲਾਗੂ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਮੁੱਦੇ ਸੰਜੀਦਗੀ ਨਾਲ ਹੱਲ ਕਰਵਾਉਣ ਲਈ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜ੍ਹੀ ਰਹੀ ਹੈ ਤੇ ਅੱਗੋਂ ਵੀ ਕਿਸਾਨਾਂ ਦਾ ਸਾਥ ਦੇਣ ਤੋਂ ਪਿੱਛੇ ਨਹੀਂ ਹਟੇਗੀ। ਸ਼੍ਰੀ ਨਜ਼ੀਰ ਨੇ ਸਖਤ ਸ਼ਬਦਾਂ 'ਚ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਜੇਕਰ ਉਨ੍ਹਾਂ ਨੂੰ ਗੋਲੀਆਂ ਦਾ ਸਾਹਮਣਾ ਵੀ ਕਰਨਾ ਪਿਆ ਤਾਂ ਵੀ ਰਾਹੁਲ ਗਾਂਧੀ ਦੇ ਸਿਪਾਹੀ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਕਿਸਾਨ ਵਿਰੋਧੀ ਆਰਡੀਨੈਂਸਾ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਯੂਥ ਕਾਂਗਰਸ ਆਪਣੀ ਜੰਗ ਜਾਰੀ ਰੱਖੇਗੀ।


Aarti dhillon

Content Editor

Related News