ਪਰਿਵਾਰ ਨੂੰ ਨਸ਼ੇ ਵਾਲੀ ਚੀਜ਼ ਖੁਆ ਕੇ ਨਾਬਾਲਗਾ ਨਕਦੀ ਅਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫਰਾਰ

09/11/2019 1:16:51 AM

ਫਿਲੌਰ, (ਭਾਖਡ਼ੀ)- ਪਰਿਵਾਰ ਦੇ 10 ਮੈਂਬਰਾਂ ਨੂੰ ਖਾਣੇ ਵਿਚ ਨਸ਼ੇ ਵਾਲੀ ਚੀਜ਼ ਖੁਆ ਕੇ ਨਾਬਾਲਗ ਲਡ਼ਕੀ ਘਰੋਂ ਲੱਖਾਂ ਦੇ ਗਹਿਣੇ, ਮਹਿੰਗੇ ਮੋਬਾਇਲ ਫੋਨ ਅਤੇ ਨਕਦੀ ਚੋਰੀ ਕਰ ਕੇ ਪ੍ਰੇਮੀ ਨਾਲ ਹੋਈ ਫਰਾਰ ਹੋਣ ਤੋੋਂ ਬਾਅਦ ਖੇਤਾਂ ’ਚ ਅਣਪਛਾਤੀ ਲਡ਼ਕੀ ਦੀ ਸਡ਼ੀ ਹੋਈ ਲਾਸ਼ ਮਿਲਣ ਨਾਲ ਪਿੰਡ ਅਤੇ ਪਰਿਵਾਰ ਵਿਚ ਸੋਗ ਫੈਲ ਗਿਆ। ਪਰਿਵਾਰ ਦੇ ਲੋਕਾਂ ਨੇ ਸਡ਼ੀ ਹੋਈ ਲਾਸ਼ ਦੀਆਂ ਤਸਵੀਰਾਂ ਦੇਖ ਕੇ ਸ਼ੱਕ ਜਤਾਇਆ ਕਿ ਇਹ ਉਨ੍ਹਾਂ ਦੀ ਬੇਟੀ ਹੀ ਹੈ, ਜਿਸ ਨੂੰ ਦਰਿੰਦਿਆਂ ਨੇ ਭਜਾ ਲਿਜਾਣ ਤੋਂ ਬਾਅਦ ਉਸ ਨੂੰ ਸਾਡ਼ ਕੇ ਮਾਰ ਦਿੱਤਾ।

6 ਦਿਨ ਪਹਿਲਾਂ ਰਾਤ ਨੂੰ ਨਾਬਾਲਗਾ ਘਰੋਂ ਹੋਈ ਸੀ ਗਾਇਬ

ਲਡ਼ਕੀ ਦੇ ਪਿਤਾ ਵਰਿੰਦਰ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ 3 ਬੱਚੇ ਹਨ। ਵੱਡੀ ਬੇਟੀ ਸਾਢੇ 17 ਸਾਲ, ਛੋਟੀ 14 ਸਾਲ ਅਤੇ ਲਡ਼ਕਾ 8 ਸਾਲ ਦਾ ਹੈ। ਉਸ ਦੇ ਵਿਦੇਸ਼ ਵਿਚ ਰਹਿੰਦੇ ਭਰਾ-ਭਰਜਾਈ ਆਪਣੇ ਬੱਚਿਆਂ ਦੇ ਨਾਲ ਉਨ੍ਹਾਂ ਨੂੰ ਮਿਲਣ ਇਥੇ ਉਨ੍ਹਾਂ ਦੇ ਘਰ ਆਏ ਹੋਏ ਸਨ। 5 ਸਤੰਬਰ ਦੀ ਰਾਤ ਨੂੰ ਉਨ੍ਹਾਂ ਦੇ ਘਰ ਵਿਚ ਜੋ ਖਾਣਾ ਬਣਿਆ। ਉਸ ਨੂੰ ਖਾਣ ਤੋਂ ਬਾਅਦ ਪਰਿਵਾਰ ਦੇ ਸਾਰੇ 10 ਮੈਂਬਰ ਬੇਹੋਸ਼ ਹੋ ਗਏ। ਉਸ ਦਾ ਛੋਟਾ ਬੇਟਾ ਜੋ 8 ਸਾਲ ਦਾ ਹੈ। ਉਸ ਨੇ ਖਾਣਾ ਨਹੀਂ ਖਾਧਾ ਸੀ, ਜਿਸ ਕਾਰਨ ਰਾਤ 10 ਵਜੇ ਘਰ ਵਿਚੋਂ ਕੋਈ ਆਵਾਜ਼ ਸੁਣ ਕੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਵੱਡੀ ਭੈਣ ਦੇ ਨਾਲ 3 ਲਡ਼ਕੇ ਹੋਰ ਵੀ ਘੁੰਮ ਰਹੇ ਸਨ ਜੋ ਘਰ ਵਿਚ ਪਏ ਸਾਮਾਨ ਦੀ ਜਾਂਚ ਕਰ ਰਹੇ ਸਨ ਜਦੋਂ ਉਸ ਨੇ ਦੇਖਿਆ ਕਿ ਪਰਿਵਾਰ ਦਾ ਕੋਈ ਹੋਰ ਮੈਂਬਰ ਉਨ੍ਹਾਂ ਦੇ ਨਾਲ ਨਹੀਂ ਹੈ ਅਤੇ ਨਾ ਹੀ ਉੱਠ ਰਿਹਾ ਹੈ ਤਾਂ ਉਹ ਡਰ ਕੇ ਅੱਖਾਂ ਬੰਦ ਕਰ ਕੇ ਸੌਂ ਗਿਆ। ਸਵੇਰ ਜਦੋਂ ਪਰਿਵਾਰ ਨੂੰ ਹੋਸ਼ ਆਇਆ ਤਾਂ ਦੇਖਿਆ ਕਿ ਘਰ ਵਿਚ ਪੂਰਾ ਸਾਮਾਨ ਖਿੱਲਰਿਆ ਪਿਆ ਹੈ। ਘਰੋਂ ਸੋਨੇ ਦੀਆਂ 6 ਮੁੰਦਰੀਆਂ, ਇਕ ਮੰਗਲ ਸੂਤਰ, 4 ਮਹਿੰਗੇ ਆਈ ਫੋਨ, ਕੁਝ ਵਿਦੇਸ਼ੀ ਅਤੇ ਭਾਰਤੀ ਕਰੰਸੀ ਜੋ ਲੱਖਾਂ ਵਿਚ ਸੀ ਅਤੇ ਉਸ ਦੀ ਨਾਬਾਲਗ ਬੇਟੀ ਘਰੋਂ ਗਾਇਬ ਹੈ ਜਿਸ ’ਤੇ ਪੁਲਸ ਨੇ ਲਡ਼ਕੀ ਦੀ ਭਾਲ ਵਿਚ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਜਾਂਚ ਵਿਚ ਦੋ ਲਡ਼ਕਿਆਂ ਦੇ ਨਾਂ ਆਏ ਸਾਹਮਣੇ

ਸਥਾਨਕ ਪੁਲਸ ਨੇ ਲਡ਼ਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਦੋਂ ਲਡ਼ਕੀ ਦੇ ਫੋਨ ਨੰਬਰ ਦੀ ਪੂਰੀ ਡਿਟੇਲ ਕਢਵਾਈ ਤਾਂ ਪੁਲਸ ਨੂੰ ਪਤਾ ਲੱਗਾ ਕਿ ਪਿੰਡ ਦੇ ਦੋ ਲਡ਼ਕਿਆਂ ਦੇ ਨਾਲ ਨਾਬਾਲਗਾ ਨੇ ਇਕ ਮਹੀਨੇ ਵਿਚ 1857 ਵਾਰ ਫੋਨ ਕੀਤੇ ਅਤੇ ਸੁਣੇ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਲਡ਼ਕਿਆਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ।

ਸੋਸ਼ਲ ਮੀਡੀਆ ’ਤੇ ਸਡ਼ੀ ਹੋਈ ਲਡ਼ਕੀ ਦੀ ਲਾਸ਼ ਦੀ ਚੱਲ ਰਹੀ ਸੀ ਫਿਲਮ

ਪਿਛਲੇ 3 ਦਿਨ ਤੋਂ ਸੋਸ਼ਲ ਮੀਡੀਆ ’ਤੇ ਇਕ ਮ੍ਰਿਤਕ ਲਡ਼ਕੀ ਦੀ ਪਿੰਡ ਔਡ਼ ਨੇਡ਼ੇ ਖੇਤਾਂ ਵਿਚ ਬੁਰੀ ਤਰ੍ਹਾਂ ਸਡ਼ੀ ਹੋਈ ਲਾਸ਼ ਦੀ ਵੀਡੀਓ ਚਲ ਰਹੀ ਸੀ। ਅੱਜ ਜਿਵੇਂ ਹੀ ਸ਼ਾਮ 6 ਵਜੇ ਨਵਾਂਸ਼ਹਿਰ ਦੀ ਪੁਲਸ ਫਿਲੌਰ ਪੁੱਜੀ ਤਾਂ ਉਨ੍ਹਾਂ ਦੇ ਦੱਸਣ ਤੋਂ ਬਾਅਦ ਲਾਪਤਾ ਨਾਬਾਲਗਾ ਦੇ ਘਰ ਵਿਚ ਸੋਗ ਦੀ ਲਹਿਰ ਦੌਡ਼ ਗਈ। ਉਨ੍ਹਾਂ ਦੇ ਮਾਤਾ-ਪਿਤਾ ਦਾ ਪੁਲਸ ਥਾਣੇ ਵਿਚ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ।

ਦੋ ਲਡ਼ਕਿਆਂ ਨੂੰ ਲਿਆ ਹਿਰਾਸਤ ਵਿਚ, ਤੀਜੇ ਦੀ ਭਾਲ ਜਾਰੀ

ਨਵਾਂਸ਼ਹਿਰ ਦੀ ਪੁਲਸ ਫਿਲੌਰ ਪੁੱਜ ਕੇ ਜਿਵੇਂ ਹੀ ਡੀ.ਐੱਸ.ਪੀ. ਦਵਿੰਦਰ ਕੁਮਾਰ ਅੱਤਰੀ ਨੂੰ ਮਿਲੀ ਤਾਂ ਉਨ੍ਹਾਂ ਤੋਂ ਜਾਣਕਾਰੀ ਹਾਸਲ ਕਰ ਕੇ ਡੀ.ਐੱਸ.ਪੀ. ਅੱਤਰੀ ਨੇ ਇਕ ਪੁਲਸ ਟੀਮ ਬਣਾ ਕੇ ਤੁਰੰਤ ਉਨ੍ਹਾਂ ਲਡ਼ਕਿਆਂ ਦੇ ਘਰਾਂ ਵਿਚ ਛਾਪੇਮਾਰੀ ਲਈ ਭੇਜੀ। ਸੂਤਰਾਂ ਦੇ ਮੁਤਾਬਕ ਪੁਲਸ ਨੇ ਕਾਰਵਾਈ ਕਰਦੇ ਹੋਏ ਦੋ ਲਡ਼ਕਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦੋਂਕਿ ਇਕ ਮੁੱਖ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਫਡ਼ਨ ਲਈ ਪੁਲਸ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਛਾਪੇ ਮਾਰ ਰਹੀ ਹੈ।

ਲਾਸ਼ ਦੀ ਪਛਾਣ ਲਈ ਕਰਵਾਏ ਜਾ ਸਕਦੇ ਹਨ ਟੈਸਟ

ਇਸ ਸਬੰਧੀ ਪੁੱਛਣ ’ਤੇ ਡੀ.ਐੱਸ.ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਨਾਬਾਲਗਾ ਦੇ ਗਾਇਬ ਹੋਣ ਦੀ ਸ਼ਿਕਾਇਤ ਪੁਲਸ ਕੋਲ ਪਰਿਵਾਰ ਦੇ ਮੈਂਬਰਾਂ ਨੇ 5 ਸਤੰਬਰ ਨੂੰ ਕੀਤੀ ਸੀ, ਜਦੋਂਕਿ ਔਡ਼ ਪੁਲਸ ਨੂੰ ਇਕ ਲਡ਼ਕੀ ਦੀ ਸਡ਼ੀ ਹੋਈ ਲਾਸ਼ 7 ਸਤੰਬਰ ਨੂੰ ਖੇਤਾਂ ਵਿਚ ਪਈ ਮਿਲੀ। ਉਨ੍ਹਾਂ ਕਿਹਾ ਕਿ ਲਡ਼ਕੀ ਦੀ ਲਾਸ਼ ਬੁਰੀ ਤਰ੍ਹਾਂ ਸਡ਼ੀ ਹੋਈ ਹੈ ਜਿਸ ਨਾਲ ਉਸ ਦੀ ਪੂਰੀ ਤਰ੍ਹਾਂ ਪਛਾਣ ਨਹੀਂ ਹੋ ਰਹੀ। ਇਸ ਗੱਲ ਨੂੰ ਪੁਖਤਾ ਕਰਨ ਲਈ ਜੇਕਰ ਹੋ ਸਕਿਆ ਤਾਂ ਡਾਕਟਰੀ ਮਦਦ ਵੀ ਲਈ ਜਾਵੇਗੀ ਜਿਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਮਰਨ ਵਾਲੀ ਲਡ਼ਕੀ ਆਖਰ ਕੌਣ ਹੈ। ਦੂਜਾ, ਨਵਾਂਸ਼ਹਿਰ ਪੁਲਸ ਇਨ੍ਹੀਂ ਦਿਨੀਂ ਘਰੋਂ ਗਾਇਬ ਲਡ਼ਕੀਆਂ ਸਬੰਧੀ ਵੀ ਸਾਰੀਆਂ ਚੌਕੀਆਂ ਅਤੇ ਥਾਣਿਆਂ ਵਿਚ ਪੁੱਛÎਗਿੱਛ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲੌਰ ਪੁਲਸ ਤੋਂ ਇਲਾਵਾ ਜਲੰਧਰ ਅਤੇ ਨਵਾਂਸ਼ਹਿਰ ਦੀ ਪੁਲਸ ਟੀਮਾਂ ਇਕੱਠੀਆਂ ਹੋ ਕੇ ਇਸ ਕੇਸ ਨੂੰ ਜਲਦ ਹੱਲ ਕਰਨ ਲਈ ਰਾਤ-ਦਿਨ ਕੰਮ ਕਰ ਰਹੀਆਂ ਹਨ।


Bharat Thapa

Content Editor

Related News