ਨਾਬਾਲਗ ਬੱਚੇ ਨਾਲ ਬਦਫੈਲੀ ਕਰਨ ਵਾਲਾ ਕਾਬੂ
Thursday, Nov 29, 2018 - 03:18 AM (IST)

ਮੋਗਾ, (ਅਾਜ਼ਾਦ)- ਮੋਗਾ ਪੁਲਸ ਨੇ ਨੌਂ ਸਾਲਾ ਨਾਬਾਲਗ ਬੱਚੇ ਨਾਲ ਬਦਫੈਲੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਥਾਣਾ ਮੁਖੀ ਚਡ਼ਿੱਕ ਨੇ ਦੱਸਿਆ ਕਿ ਜ਼ਿਲਾ ਬਾਲ ਭਲਾਈ ਅਫਸਰ ਮੋਗਾ ਦੀ ਸ਼ਿਕਾਇਤ ’ਤੇ 26 ਨਵੰਬਰ ਨੂੰ ਦੋਸ਼ੀ ਰਾਹੁਲ ਪੁੱਤਰ ਮਹਿੰਦਰ ਨਿਵਾਸੀ ਅਕਾਲਸਰ ਰੋਡ ਮੋਗਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ’ਚ ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਭੇਜੇ ਸ਼ਿਕਾਇਤ ਪੱਤਰ ’ਚ ਕਿਹਾ ਸੀ ਕਿ ਉਨ੍ਹਾਂ ਨੂੰ ਚਾਈਲਡ ਲਾਈਨ ਫਰੀਦਕੋਟ ਤੋਂ ਇਕ ਪੱਤਰ ਅਤੇ ਵੀਡੀਓ ਮਿਲੀ ਹੈ, ਜਿਸ ’ਚ ਕਥਿਤ ਦੋਸ਼ੀ ਨੇ ਨੌਂ ਸਾਲਾ ਬੱਚੇ ਨਾਲ ਗਲਤ ਕੰਮ ਕਰਨ ਦੇ ਨਾਲ ਉਸ ਦੀ ਵੀਡੀਓ ਬਣਾਈ, ਜਿਸ ’ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਥਾਣਾ ਸਿਟੀ ਸਾਊਥ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇੰਸਪੈਕਟਰ ਕਰਮਜੀਤ ਗਰੇਵਾਲ ਨੇ ਦੱਸਿਆ ਕਿ ਅੱਜ ਉਕਤ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ। ਉਨ੍ਹਾਂ ਦੱਸਿਆ ਕਿ ਜਾਂਚ ਸਮੇਂ ਪਤਾ ਲੱਗ ਸਕੇਗਾ ਕਿ ਕੋਈ ਵੀ ਹੋਰ ਸ਼ਾਮਲ ਹੈ ਜਾਂ ਨਹੀਂ।