ਮਾਈਨਿੰਗ ਵਿਭਾਗ ਦੀ ਟੀਮ ’ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

Sunday, Sep 01, 2019 - 11:08 PM (IST)

ਮਾਈਨਿੰਗ ਵਿਭਾਗ ਦੀ ਟੀਮ ’ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

ਲੁਧਿਆਣਾ, (ਅਨਿਲ)- ਥਾਣਾ ਲਾਡੋਵਾਲ ਦੀ ਪੁਲਸ ਨੇ ਮਾਈਨਿੰਗ ਵਿਭਾਗ ਦੀ ਟੀਮ ’ਤੇ ਹਮਲਾ ਕਰਨ ਵਾਲੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ 7 ਅਗਸਤ ਨੂੰ ਮਾਈਨਿੰਗ ਵਿਭਾਗ ਦੀ ਟੀਮ ਨੇ ਨਾਜਾਇਜ਼ ਰੇਤ ਦੇ ਕਾਰੋਬਾਰ ’ਤੇ ਛਾਪੇਮਾਰੀ ਕੀਤੀ ਗਈ ਸੀ ਤਾਂ ਉਥੇ ਮੌਜੂਦ ਨਾਜਾਇਜ਼ ਰੇਤ ਦਾ ਕਾਰੋਬਾਰ ਕਰਨ ਵਾਲੇ ਰੇਤ ਮਾਫੀਏ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਬਲਵਿੰਦਰ ਸਿੰਘ ਅਤੇ ਉਸ ਦੀ ਟੀਮ ’ਤੇ ਕਾਤਿਲਾਨਾ ਹਮਲਾ ਕਰਦੇ ਹੋਏ ਕਈ ਅਧਿਕਾਰੀਆਂ ਨੂੰ ਜਖ਼ਮੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਸ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਸ਼ਾਮ ਸਿੰਘ ਦੋਧਰੀਆ, ਹਰਦੀਪ ਸਿੰਘ ਦੀਪੂ ਤੇ ਉਨ੍ਹਾਂ ਦੇ ਹੋਰ ਸਾਥੀਆਂ ਖਿਲਾਫ ਇਰਾਦਾ ਕਤਲ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ, ਮਾਈਨਿੰਗ ਐਕਟ ਸਮੇਤ ਕਈ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਮੁੱਖ ਮੁਲਜ਼ਮ ਸ਼ਾਮ ਸਿੰਘ ਦੋਧਰੀਆ ਨੂੰ ਪੁਲਸ ਨੇ 2 ਦਿਨ ਪਹਿਲਾ ਗ੍ਰਿਫਤਾਰ ਕਰ ਲਿਆ ਗਿਆ ਸੀ। ਜਦਕਿ ਉਸ ਦਾ ਰਾਈਟ ਹੈਂਡ ਹਰਦੀਪ ਸਿੰਘ ਦੀਪੂ ਵਾਸੀ ਸੰਤ ਵਿਹਾਰ ਹੈਬੋਵਾਲ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕੀਤਾ ਹੈ। ਜਿਸ ਪਾਸੋਂ ਪੁਲਸ ਨੇ ਹਮਲੇ ਦੇ ਸਮੇਂ ਵਰਤੀ ਗਈ ਰਾਡ, ਫੋਨ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ।

ਥਾਣਾ ਇੰਚਾਰਜ ਨੇ ਦੱਸਿਆ ਕਿ ਹਰਦੀਪ ਸਿੰਘ ਦੀਪੂ ’ਤੇ ਥਾਣਾ ਲਾਡੋਵਾਲ ਵਿਚ 2 ਮਾਮਲੇ ਮਾਈਨਿੰਗ ਐਕਟ, ਸਲੇਮ ਟਾਬਰੀ ਵਿਚ ਚੋਰੀ ਕਰਨ, ਡਵੀਜ਼ਨ ਨੰ. 8 ਵਿਚ ਚੋਰੀ ਕਰਨ ਅਤੇ ਪੀ.ਏ.ਯੂ. ਥਾਣੇ ਵਿਚ ਚੋਰੀ ਕਰਨ, ਲਡ਼ਾਈ ਝਗਡ਼ੇ, ਗਿਰੋਹ ਬੰਦੀ ਅਤੇ ਲੁੱਟ ਕਰਨ ਦੇ ਚਾਰ ਮਾਮਲੇ ਦਰਜ ਸਨ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਨਾਜਾਇਜ਼ ਰੇਤ ਦੇ ਕਾਰੋਬਾਰ ਨੂੰ ਆਪਣੇ ਮਾਲਕ ਸ਼ਾਮ ਸਿੰਘ ਦੇ ਕਹਿਣ ’ਤੇ ਚਲਾਉਂਦਾ ਸੀ ਜੋ ਨਾਜਾਇਜ਼ ਰੇਤ ਲੈ ਜਾਣ ਵਾਲੇ ਵਾਹਨਾਂ ਨੂੰ ਫੋਨ ਕਰਕੇ ਉਥੇ ਬੁਲਾਉਂਦਾ ਸੀ ਅਤੇ ਨਾਜਾਇਜ਼ ਰੇਤ ਭਰ ਕੇ ਉਨਾਂ ਨੂੰ ਭੇਜ ਦਿੰਦਾ ਸੀ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਥੇ ਦੋਸ਼ੀ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਦੇ ਹੋਰ ਸਾਥੀਆਂ ਦੇ ਬਾਰੇ ਵਿਚ ਪੁੱਛਗਿਛ ਕੀਤੀ ਜਾਵੇਗੀ।


author

Bharat Thapa

Content Editor

Related News