ਤਨਵੀਰ ਕਤਲ ਕਾਂਡ ''ਚ ਪੁਲਸ ਦੀ ਵੱਡੀ ਕਾਰਵਾਈ, 3 ਮੁਲਜ਼ਮ ਗ੍ਰਿਫਤਾਰ
Thursday, Sep 03, 2026 - 12:12 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਰਣਜੀਤ ਨਗਰ ਇਲਾਕੇ ’ਚ ਬੀਤੇ ਦਿਨੀਂ ਹੋਏ 16 ਸਾਲਾ ਲੜਕੇ ਤਨਵੀਰ ਦੇ ਕਤਲ ਮਾਮਲੇ ’ਚ ਪਟਿਆਲਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਪੀ. ਸਿਟੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਡੀ. ਐੱਸ. ਪੀ. ਜੰਗਜੀਤ ਸਿੰਘ ਰੰਧਾਵਾ ਅਤੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਦੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮਾਮਲੇ ’ਚ ਅਨਮੋਲ ਪੁੱਤਰ ਓਮ ਪ੍ਰਕਾਸ਼ ਵਾਸੀ ਮਗਲੀ ਨੰਬਰ 2 ਰਣਜੀਤ ਨਗਰ ਸਿਊਣਾ ਚੌਕ ਪਟਿਆਲਾ, ਯੁਵਰਾਜ ਸਿੰਘ ਮੱਲੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਝਿੱਲ ਪਟਿਆਲਾ ਅਤੇ ਯੁਵਰਾਜ ਸਿੰਘ ਚੀਮਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਿਰਾਏਦਾਰ ਰਣਜੀਤ ਨਗਰ ਸਰਹੰਦ ਰੋਡ ਥਾਣਾ ਅਨਾਜ ਮੰਡੀ ਪਟਿਆਲਾ ਪੱਕਾ ਪਤਾ ਗੁਰੂ ਨਾਨਕ ਨਗਰ ਥਾਣਾ ਅਰਬਨ ਅਸਟੇਟ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਪੀ. ਸਿਟੀ ਨੇ ਦੱਸਿਆ ਕਿ ਥਾਣਾ ਤ੍ਰਿਪੜੀ ਦੀ ਪੁਲਸ ਨੂੰ 30 ਅਗਸਤ ਨੂੰ ਸੂਚਨਾ ਮਿਲੀ ਕਿ ਰਾਤ 11:30 ਦੇ ਕਰੀਬ ਤਨਵੀਰ ਉਮਰ ਕਰੀਬ 16 ਸਾਲ ਨੂੰ ਪੁਰਾਣੀ ਰੰਜਿਸ਼ ਕਰ ਕੇ ਲੜਾਈ-ਝਗੜੇ ਉਕਤ ਵਿਕਅਤੀਆਂ ਨੇ ਕਿਰਚ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਸ ਨੇ ਇਸ ਮਾਮਲੇ ’ਚ ਰਾਜੀਵ ਪੁੱਤਰ ਬੱਲ ਬਹਾਦਰ ਵਾਸੀ ਰਣਜੀਤ ਨਗਰ ਸਿਉਣਾ ਰੋਡ ਪਟਿਆਲਾ ਦੇ ਬਿਆਨਾਂ ’ਤੇ ਉਕਤ ਤਿੰਨਾਂ ਵਿਅਕਤੀਆਂ ਖਿਲਾਫ ਅਧੀਨ ਧਾਰਾ 103(1), 190, 191(3) ਬੀ. ਐੱਨ. ਐੱਸ. ਥਾਣਾ ਤ੍ਰਿਪੜੀ ਪਟਿਆਲਾ ਕੇਸ ਦਰਜ ਕੀਤਾ ਤੇ ਫਿਰ ਤੇਜ਼ੀ ਦਿਖਾਉਂਦਿਆਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਦੋਵੇਂ ਧੜੇ ਸ਼ੋਸਲ ਮੀਡੀਆ ’ਤੇ ਇਕ-ਦੂਜੇ ਨਾਲ ਗਾਲੀ-ਗਲੋਚ ਕਰਦੇ ਸਨ ਅਤੇ ਇਨ੍ਹਾਂ ਦੀ ਪਹਿਲਾਂ ਵੀ ਬਹਿਸ਼ਬਾਜ਼ੀ ਹੋਈ ਸੀ। 30 ਅਗਸਤ ਨੂੰ ਤਨਵੀਰ ਦੇ ਘਰ ਦੀ ਛੱਤ ’ਤੇ ਉਸ ਦੇ ਇਕ ਦੋਸਤ ਦੇ ਵਿਦੇਸ਼ ਜਾਣ ਦੀ ਖੁਸ਼ੀ ’ਚ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਉੱਚੀ ਆਵਾਜ਼ ’ਚ ਲਾਊਡ ਸਪੀਕਰ ਚਲਾਉਣ ਨੂੰ ਲੈ ਕੇ ਗੁਆਂਢ ’ਚ ਰਹਿੰਦੇ ਨੌਜਵਾਨਾਂ ਨਾਲ ਬਹਿਸ ਹੋ ਗਈ।
ਪੁਲਸ ਮੁਤਾਬਕ ਦੋਵੇਂ ਧਿਰਾਂ ਵਿਚਕਾਰ ਪਹਿਲਾਂ ਵੀ ਰੰਜਿਸ਼ ਚੱਲ ਰਹੀ ਸੀ। ਬਹਿਸ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਗਲੀ ’ਚ ਆ ਗਈਆਂ ਅਤੇ ਆਪਸ ’ਚ ਝਗੜਾ ਸ਼ੁਰੂ ਹੋ ਗਿਆ। ਇਸੇ ਦੌਰਾਨ ਇਕ ਨੌਜਵਾਨ ਵੱਲੋਂ ਤਨਵੀਰ ਦੇ ਪੇਟ ’ਚ ਕਿਰਚ ਮਾਰ ਦਿੱਤੀ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਤਨਵੀਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਡੀ. ਐੱਸ. ਪੀ. ਸਿਟੀ-2 ਜੰਗਜੀਤ ਸਿੰਘ ਅਤੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ।
