ਸਿਹਤ ਵਿਭਾਗ ਐਕਸ਼ਨ 'ਚ: 100 ਕਿਲੋ ਖਰਾਬ ਦੁੱਧ ਕਰਵਾਇਆ ਨਸ਼ਟ, ਦੁਕਾਨਦਾਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ
Friday, Sep 04, 2026 - 12:00 PM (IST)
ਅੰਮ੍ਰਿਤਸਰ (ਦਲਜੀਤ)- ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਡੇਅਰੀਆਂ ਖ਼ਿਲਾਫ਼ ਸਿਹਤ ਵਿਭਾਗ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੀ. ਐੱਫ. ਡੀ. ਏ. ਮੈਡਮ ਆਈ. ਏ. ਐੱਸ. ਕੰਵਲਪ੍ਰੀਤ ਕੌਰ ਬਰਾੜ, ਡੀ. ਸੀ. ਅਤੇ ਸਿਵਲ ਸਰਜਨ ਦੇ ਹੁਕਮਾਂ ’ਤੇ ਫੂਡ ਸੇਫਟੀ ਟੀਮ ਨੇ ਚੱਬਾਲ ਅਤੇ ਤਰਨਤਾਰਨ ਰੋਡ ਸਥਿਤ ਵੱਖ-ਵੱਖ ਦੁੱਧ ਡੇਅਰੀਆਂ ’ਤੇ ਅਚਾਨਕ ਛਾਪੇ ਮਾਰੇ। ਕਾਰਵਾਈ ਦੌਰਾਨ ਲੱਗਭਗ 100 ਕਿਲੋ ਖਰਾਬ ਹੋ ਚੁੱਕਾ ਦੁੱਧ ਨਸ਼ਟ ਕਰਵਾਇਆ ਗਿਆ। ਫੂਡ ਸੇਫਟੀ ਟੀਮ ਵੱਲੋਂ ਡੇਅਰੀਆਂ ਦੀ ਜਾਂਚ ਦੌਰਾਨ ਦੁੱਧ ਦੀ ਗੁਣਵੱਤਾ ਅਤੇ ਸਫ਼ਾਈ ਪ੍ਰਬੰਧਾਂ ਦੀ ਪੜਤਾਲ ਕੀਤੀ ਗਈ। ਜਾਂਚ ਦੌਰਾਨ ਖਰਾਬ ਦੁੱਧ ਸਾਹਮਣੇ ਆਉਣ ’ਤੇ ਉਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਵਿਭਾਗ ਦੀ ਅਚਾਨਕ ਕਾਰਵਾਈ ਨਾਲ ਡੇਅਰੀ ਸੰਚਾਲਕਾਂ ’ਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ
ਦੁੱਧ-ਦਹੀਂ ਦੇ 3 ਸੈਂਪਲ, ਹੁਣ ਲੈਬ ਦੀ ਵਾਰੀ
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੀਮ ਨੇ ਦੋ ਡੇਅਰੀਆਂ ਤੋਂ ਮਿਕਸਡ ਮਿਲਕ ਦੇ ਦੋ ਇਨਫੋਰਸਮੈਂਟ ਸੈਂਪਲ ਅਤੇ ਦਹੀਂ ਦਾ ਇਕ ਸੈਂਪਲ ਲਿਆ। ਇਹ ਤਿੰਨੇ ਨਮੂਨੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਭੇਜੇ ਜਾਣਗੇ। ਲੈਬ ਰਿਪੋਰਟ ਤੋਂ ਪਤਾ ਲੱਗੇਗਾ ਕਿ ਦੁੱਧ ਅਤੇ ਦਹੀਂ ਨਿਰਧਾਰਤ ਫੂਡ ਸੇਫਟੀ ਮਾਪਦੰਡਾਂ ’ਤੇ ਕਿੰਨੇ ਖਰੇ ਉਤਰਦੇ ਹਨ। ਜੇਕਰ ਲੈਬਾਰਟਰੀ ਜਾਂਚ ’ਚ ਕਿਸੇ ਕਿਸਮ ਦੀ ਮਿਲਾਵਟ ਜਾਂ ਗੁਣਵੱਤਾ ਸਬੰਧੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਡੇਅਰੀ ਸੰਚਾਲਕਾਂ ਖ਼ਿਲਾਫ਼ ਫੂਡ ਸੇਫਟੀ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਲੋਕਾਂ ਦੀ ਸਿਹਤ ਨਾਲ ਸਮਝੌਤਾ ਨਹੀਂ: ਰਟੌਲ
ਸਿਹਤ ਵਿਭਾਗ ਦੇ ਜ਼ਿਲਾ ਸਿਹਤ ਅਧਿਕਾਰੀ ਡਾਕਟਰ ਮਨਜੀਤ ਸਿੰਘ ਰਟੋਲ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਡੇਅਰੀਆਂ ਅਤੇ ਦੁੱਧ ਨਾਲ ਸਬੰਧਤ ਕਾਰੋਬਾਰਾਂ ਦੀ ਜਾਂਚ ਲਗਾਤਾਰ ਜਾਰੀ ਰਹੇਗੀ। ਖਰਾਬ ਦੁੱਧ ਨਸ਼ਟ ਕਰਵਾਇਆ ਗਿਆ ਹੈ ਅਤੇ ਲਏ ਗਏ ਸੈਂਪਲ ਸਰਕਾਰੀ ਲੈਬਾਰਟਰੀ ਭੇਜੇ ਜਾ ਰਹੇ ਹਨ। ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਮਿਲੀ ਕਸਟਡੀ ਪੈਰੋਲ, ਮਾਂ ਦੀਆਂ ਅੰਤਿਮ ਰਸਮਾਂ 'ਚ ਹੋਇਆ ਸ਼ਾਮਲ
ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਅਗਲੇਰੀ ਕਾਰਵਾਈ: ਮੈਡਮ ਰਜਨੀ
ਫੂਡ ਸੇਫਟੀ ਅਧਿਕਾਰੀ ਮੈਡਮ ਰਜਨੀ ਨੇ ਦੱਸਿਆ ਕਿ ਦੋ ਡੇਅਰੀਆਂ ਤੋਂ ਮਿਕਸਡ ਮਿਲਕ ਅਤੇ ਦਹੀਂ ਦੇ ਇਨਫੋਰਸਮੈਂਟ ਸੈਂਪਲ ਲਏ ਗਏ ਹਨ। ਇਨ੍ਹਾਂ ਦੀ ਜਾਂਚ ਸਟੇਟ ਫੂਡ ਲੈਬਾਰਟਰੀ, ਖਰੜ ਤੋਂ ਕਰਵਾਈ ਜਾਵੇਗੀ। ਰਿਪੋਰਟ ’ਚ ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਦੀ ਇਸ ਕਾਰਵਾਈ ਨਾਲ ਦੁੱਧ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਪੱਸ਼ਟ ਸੰਦੇਸ਼ ਮਿਲ ਗਿਆ ਹੈ ਕਿ ਮਿਲਾਵਟ, ਖਰਾਬ ਦੁੱਧ ਜਾਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਭਾਗ ਵੱਲੋਂ ਅਜਿਹੀਆਂ ਜਾਂਚਾਂ ਅੱਗੇ ਵੀ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ- ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
