ਮਿੰਨੀ ਟਰੱਕ, ਟੈਂਪੂ ਮਾਲਕਾਂ ਦੀ ਸਰਕਾਰ ਨੂੰ ਅਪੀਲ, ਕੁਝ ਮਹੀਨਿਆਂ ਦੀ ਦਿੱਤੀ ਜਾਵੇ ਰਾਹਤ
Thursday, Apr 30, 2020 - 05:17 PM (IST)

ਲੁਧਿਆਣਾ/ਸਾਹਨੇਵਾਲ (ਰਾਮ, ਜਗਰੂਪ) : ਸਰਕਾਰ ਵੱਲੋਂ ਟਰੱਕ ਅਤੇ ਮਿੰਨੀ ਟਰੱਕ, ਟੈਂਪੂ ਮਾਲਕਾਂ ਨੂੰ ਆਪਣੀਆਂ ਗੱਡੀਆਂ ਦਾ ਟੈਕਸ ਜਮ੍ਹਾ ਕਰਵਾਉਣ ਦੇ ਹੁਕਮਾਂ ਤੋਂ ਬਾਅਦ ਟਰੱਕ, ਟੈਂਪੂ, ਮਿੰਨੀ ਟਰੱਕ ਮਾਲਕਾਂ 'ਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਸਾਹਨੇਵਾਲ ਟੈਂਪੂ ਯੂਨੀਅਨ 'ਚ ਗੱਡੀਆਂ ਦੇ ਮਾਲਕਾਂ ਨੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਦੀਪਾ ਦੀ ਅਗਵਾਈ ਹੇਠ ਸਰਕਾਰ ਦੇ ਇਸ ਫੈਸਲੇ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਵੀ ਬਾਕੀ ਧੰਦਿਆਂ ਦੀ ਤਰ੍ਹਾਂ ਹੀ ਪਿਛਲੇ ਲਗਭਗ ਡੇਢ ਮਹੀਨੇ ਤੋਂ ਮੰਦੀ ਮਾਰ ਝੱਲ ਰਹੇ ਹਨ। ਸਰਕਾਰ ਨੇ ਵੱਡੇ-ਵੱਡੇ ਅਦਾਰਿਆਂ, ਫੈਕਟਰੀਆਂ ਅਤੇ ਹੋਰ ਕੰਪਨੀਆਂ ਦੇ ਟੈਕਸਾਂ ਦੀ ਚਿੰਤਾਂ ਛੱਡ ਕੇ ਟਰੱਕ, ਟੈਂਪੂ ਅਤੇ ਮਿੰਨੀ ਟਰੱਕ ਮਾਲਕਾਂ ਨੂੰ ਤਾਨਾਸ਼ਾਹੀ ਫਰਮਾਨ ਜ਼ਾਰੀ ਕਰ ਦਿੱਤਾ।
ਜਦਕਿ ਇਸ ਸੰਕਟ ਕਾਰਨ ਉਹ ਵੀ ਜਨ-ਜੀਵਨ ਆਮ ਹੋਣ ਅਤੇ ਕੰਮ ਧੰਦੇ ਸ਼ੁਰੂ ਹੋਣ ਤੱਕ ਟੈਕਸ ਅਤੇ ਇੰਸ਼ੋਰੈਂਸ ਆਦਿ ਦੀ ਅਦਾਇਗੀ ਕਰਨ ਨੂੰ ਲੈ ਕੇ ਰਾਹਤ ਦੇ ਹੱਕਦਾਰ ਹਨ। ਗੱਡੀਆਂ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਐਨੀ ਜਮ੍ਹਾ ਪੂੰਜੀ ਨਹੀਂ ਹੈ ਕਿ ਉਹ ਟੈਕਸਾਂ ਅਤੇ ਇੰਸ਼ੋਰੈਂਸ ਦੀਆਂ ਅਦਾਇਗੀਆਂ ਕਰ ਸਕਣ। ਇਸ ਲਈ ਸਰਕਾਰ ਅੱਗੇ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਸੜਕਾਂ ਉੱਪਰ ਆ ਕੇ ਭੁੱਖੇ ਮਰਨ ਲਈ ਮਜ਼ਬੂਰ ਨਾ ਕੀਤਾ ਜਾਵੇ, ਟੈਕਸਾਂ ਅਤੇ ਇੰਸ਼ੋਰੈਂਸਾਂ ਦੀ ਅਦਾਇਗੀ ਲਈ ਕੁਝ ਮਹੀਨੇ ਦਾ ਸਮਾਂ ਦਿੱਤਾ ਜਾਵੇ।