ਮੀਟਰ ਪੁੱਟਣ ਆਏ ਬਿਜਲੀ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ,ਪਿੰਡ ਵਾਸੀਆਂ ਵਲੋਂ ਭਾਰੀ ਵਿਰੋਧ

9/19/2020 3:50:22 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਜ਼ਿਲ੍ਹੇ ਦੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਲੋਕਾਂ ਦੇ ਬਿਜਲੀ ਬਕਾਇਆ ਵਾਲੇ ਮੀਟਰ ਪੁੱਟਣ ਆਏ ਬਿਜਲੀ ਕਰਮਚਾਰੀਆਂ ਦਾ ਅਚਾਨਕ ਹੀ ਲੋਕਾਂ ਨੇ ਘਿਰਾਓ ਕਰ ਲਿਆ ਤੇ ਜਥੇਬੰਦੀਆਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਚੁੱਕੇ ਗਏ ਇਸ ਕਦਮ ਦੇ ਚੱਲਦਿਆਂ ਆਖ਼ਰਕਾਰ ਬਿਜਲੀ ਵਾਲਿਆਂ ਨੂੰ ਪਿੰਡ ਛੱਡ ਕੇ ਭੱਜਣਾ ਪਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਲਾਕਡਾਊਨ ਦੀ ਮਾਰ ਦਾ ਤਰਕ ਦਿੱਤਾ, ਉਥੇ ਹੀ ਸਰਕਾਰ ਨੂੰ ਕੋਸਿਆ। 

ਇਹ ਵੀ ਪੜ੍ਹੋ:  ਦੋ ਪੁੱਤਰਾਂ ਦੀ ਮੋਤ ਤੋਂ ਬਾਅਦ ਬੇਸਹਾਰਾ ਹੋਇਆ ਬਜ਼ੁਰਗ ਜੋੜਾ, ਫ਼ਰਿਸ਼ਤਾ ਬਣ ਬਹੁੜੇ ਡਾ.ਓਬਰਾਏ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਬਿਜਲੀ ਵਿਭਾਗ ਦੇ ਜੇਈ ਨਛੱਤਰ ਸਿੰਘ ਦੀ ਅਗਵਾਈ 'ਚ ਟੀਮ ਜਿਵੇਂ ਹੀ ਪਿੰਡ 'ਚ ਪੁੱਜੀ ਤਾਂ ਲੋਕਾਂ ਨੇ ਟੀਮ ਦਾ ਘਿਰਾਓ ਕਰ ਲਿਆ, ਜਿਸ ਨੂੰ ਵੇਖਦਿਆਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਥੋਂ ਵਾਪਸ ਜਾਣਾ ਹੀ ਬਿਹਤਰ ਸਮਝਿਆ। ਇਸ ਮੌਕੇ ਹਾਜ਼ਰ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਮੰਗਾ ਆਜ਼ਾਦ ਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਆਗੂ ਰਮਨਦੀਪ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਆੜ 'ਚ ਪਹਿਲਾਂ ਹੀ ਆਮ ਲੋਕਾਂ ਦੇ  ਕੰਮ ਕਾਜ ਠੱਪ ਪਏ ਹਨ, ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ, ਉਪਰੋ ਸਰਕਾਰ ਕਿਸਾਨਾਂ-ਮਜ਼ਦੂਰਾਂ ਨੂੰ ਬਰਬਾਦ ਕਰਨ ਵਾਲੇ ਆਰਡੀਨੈਂਸ ਪਾਸ ਕਰ  ਰਹੀ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਮਜ਼ਦੂਰਾਂ-ਕਿਸਾਨਾਂ ਦੇ  ਧੱਕੇਸ਼ਾਹੀ ਨਾਲ ਮੀਟਰ ਪੁੱਟ ਰਹੇ ਹਨ ਅਤੇ ਭਾਰੀ ਜੁਰਮਾਨੇ ਲਾਉਣ ਦੀਆਂ ਧਮਕੀਆਂ ਦੇ ਰਹੇ ਹਨ।

ਇਹ ਵੀ ਪੜ੍ਹੋ: ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਨੂੰ ਧੱਕੇ ਖਾਣ ਮਗਰੋਂ ਵੀ ਨਾ ਮਿਲਿਆ ਇਨਸਾਫ਼, ਚੁੱਕਿਆ ਖ਼ੌਫ਼ਨਾਕ ਕਦਮ

ਅੱਜ ਵੀ ਲੋਕਾਂ ਨੇ ਮੀਟਰ ਨਾ ਪੁੱਟਣ ਦੀ ਬੇਨਤੀ ਕੀਤੀ ਸੀ, ਪਰ ਟੀਮ 'ਚ ਆਏ ਅਧਿਕਾਰੀ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਵੇ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਵੱਡਾ ਇਕੱਠ ਕਰਕੇ ਬਿਜਲੀ ਵਾਲਿਆਂ ਨੂੰ ਵਾਪਸ ਭਜਾ ਦਿੱਤਾ।ਇਸ ਉਪਰੰਤ ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਵੀ ਕੋਸਿਆ। ਇਸ ਮੌਕੇ ਨੌਜਵਾਨ ਆਗੂ ਪ੍ਰਦੀਪ ਕੌਰ, ਨਵਜੋਤ ਸਿੰਘ, ਰਘੂ, ਅਜੇਪਾਲ ਕਿਸਾਨ ਆਗੂ ਹਰਦੀਪ ਸਿੰਘ ਅਤੇ ਮਜਦੂਰ ਆਗੂ ਮਨਜੀਤ ਕੌਰ ਨੇ ਕਿਹਾ ਕਿ ਮਜ਼ਦੂਰ-ਕਿਸਾਨ ਜਥੇਬੰਦੀ ਬਿਜਲੀ ਬਿੱਲਾਂ ਵਾਲੇ ਮਸਲੇ 'ਤੇ ਬਿਜਲੀ ਬੋਰਡ ਦੇ ਦਫਤਰਾਂ ਅੱਗੇ ਧਰਨੇ ਦੇ ਚੁੱਕੀਆਂ ਹਨ ਅਤੇ ਮੰਗ ਪੱਤਰ ਭੇਜੇ ਗਏ ਹਨ, ਇਸਦੇ ਬਾਵਜੂਦ ਵੀ ਇਨ੍ਹਾਂ ਦੇ ਅਧਿਕਾਰੀ ਧੱਕੇਸ਼ਾਹੀ ਕਰਕੇ ਕੁਨੈਕਸ਼ਨ ਕੱਟ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕਿਸਾਨ-ਮਜ਼ਦੂਰ ਦਾ ਮੀਟਰ  ਪੁੱਟਿਆ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਰਾਜਪ੍ਰੀਤ ਸਿੰਘ, ਬਲਜੀਤ ਸਿੰਘ, ਸਰਬਜੀਤ ਕੌਰ, ਸੁਖਦੇਵ ਕੌਰ, ਪ੍ਰੀਤਮ ਸਿੰਘ, ਤੇਜ ਕੌਰ, ਅਮਨਦੀਪ ਸਿੰਘ, ਗੋਲਡੀ,  ਬਲਵੰਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਮੰਨਾ ਕਤਲ ਦੇ ਦੋਸ਼ੀ ਰਾਜੂ ਬਿਸੋਡੀ ਨੂੰ 16 ਅਕਤੂਬਰ ਨੂੰ ਲਿਆਦਾਂ ਜਾਵੇਗਾ ਪ੍ਰੋਡਕਸ਼ਨ ਰਿਮਾਂਡ 'ਤੇ

ਕੀ ਕਹਿਣਾ ਹੈ ਵਿਭਾਗ ਦੇ ਐੱਸ.ਡੀ.ਓ. ਦਾ
ਇਸ ਮਾਮਲੇ ਸਬੰਧੀ ਜਦੋਂ ਬਿਜਲੀ ਬੋਰਡ ਦੇ ਗ੍ਰਾਮੀਣ ਖੇਤਰ ਦੇ ਐਸ.ਡੀ.ਓ. ਹਰਬੰਸ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਮਿਲੀਆਂ ਹਦਾਇਤਾਂ ਤਹਿਤ ਟੀਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਥਾਂ 'ਤੇ ਕੋਈ ਜਥੇਬੰਦੀ ਜਾਂ ਲੋਕ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਕਰਦੇ ਹਨ ਤਾਂ ਉਸੇ ਹਿਸਾਬ ਨਾਲ ਰਿਪੋਰਟ ਤਿਆਰ ਕਰਕੇ ਅੱਗੇ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਖ਼ਪਤਕਾਰ ਨੂੰ ਬਿਜਲੀ ਬਿੱਲ   ਸਬੰਧੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਦਫ਼ਤਰ ਵਿਖੇ ਇਸਦੀ ਸ਼ਿਕਾਇਤ ਕਰ ਸਕਦੇ ਹਨ। 


Shyna

Content Editor Shyna