ਵਪਾਰੀ ਦੀ ਕੋਠੀ ਦੇ ਗੇਟ ਨੂੰ ਅੱਗ ਲਾਉਣ ਦਾ ਮਾਮਲਾ, ਘਰ ਦੀ ਰੇਕੀ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ

09/21/2021 1:17:38 PM

ਬਠਿੰਡਾ (ਵਰਮਾ): ਮਹਾਨਗਰ ਫਲੈਕਸ ਬੋਰਡ ਦੇ ਵਪਾਰੀ ਰਜਿੰਦਰ ਮੰਗਲਾ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਨਾ ਮਿਲਣ ਤੋਂ ਬਾਅਦ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ 5 ਸਤੰਬਰ ਨੂੰ ਵਪਾਰੀ ਦੀ ਕੋਠੀ ਦੇ ਗੇਟ ਨੂੰ ਅੱਗ ਲਾ ਦਿੱਤੀ ਅਤੇ ਗੋਲੀਬਾਰੀ ਕਰ ਦਿੱਤੀ। ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਅਮਨ, ਸੰਦੀਪ ਅਤੇ ਕਮਲ ਵਜੋਂ ਹੋਈ ਹੈ। ਇਸ ਤੋਂ ਇਲਾਵਾ, ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਐਤਵਾਰ ਨੂੰ ਉਕਤ ਮਾਮਲੇ ਨਾਲ ਸਬੰਧਤ ਮੇਅਰ ਦੇ ਨਜ਼ਦੀਕੀ ਚਿੰਕੀ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ।

ਘਟਨਾ ਤੋਂ ਬਾਅਦ ਪੁਲਸ ਵੱਲੋਂ ਉਕਤ ਮਾਮਲੇ ਨਾਲ ਸਬੰਧਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੁਲਸ ਨੇ ਪਹਿਲਾਂ ਜੇਲ੍ਹ ’ਚ ਬੰਦ ਗੈਂਗਸਟਰ ਲਾਲੀ ਮੌੜ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ, ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਲਾਲੀ ਮੌਡ ਨੇ ਜੇਲ ’ਚ ਬੈਠੇ ਆਪਣੇ ਮੋਬਾਇਲ ਫੋਨ ਤੋਂ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੂੰ ਕਾਰੋਬਾਰੀ ਰਜਿੰਦਰ ਮੰਗਲਾ ਦੇ ਘਰ ਦੀ ਲੋਕੇਸ਼ਨ ਭੇਜੀ ਸੀ। ਜਿਵੇਂ ਹੀ ਪੁਲਸ ਨੇ ਉਕਤ ਗੈਂਗਸਟਰ ਮੌੜ ਦਾ ਮੋਬਾਇਲ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ, ਜੇਲ੍ਹ ’ਚ ਬੰਦ ਦੋਸ਼ੀਆਂ ਦੇ ਸਾਥੀਆਂ ਨੇ ਮੋਬਾਇਲ ਨੂੰ ਅੱਗ ਲਾ ਦਿੱਤੀ ਪਰ ਪੁਲਸ ਨੇ ਉਸ ਸਾੜੇ ਹੋਏ ਮੋਬਾਇਲ ਨੂੰ ਵੀ ਆਪਣੇ ਕਬਜ਼ੇ ’ਚ ਲੈ ਲਿਆ ਸੀ।ਸਪੈਸ਼ਲ ਸਟਾਫ ਵਿੰਗ ਵੱਲੋਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਸਪੈਸ਼ਲ ਸਟਾਫ ਵਿੰਗ ਦੇ ਇੰਸਪੈਕਟਰ ਤਰਜਿੰਦਰ ਸਿੰਘ ਦੀ ਟੀਮ ਨੇ ਐਤਵਾਰ ਨੂੰ ਮੁਲਜ਼ਮ ਅਮਨ, ਸੰਦੀਪ ਅਤੇ ਕਮਲ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ’ਚੋਂ ਮੁਲਜ਼ਮ ਕਮਲ ਨੇ ਜੇਲ ’ਚ ਬੈਠੇ ਗੈਂਗਸਟਰ ਲਾਲੀ ਮੌੜ ਨੂੰ ਮੋਬਾਇਲ ਸਿਮ ਦੇ ਦਿੱਤੀ ਸੀ, ਜਦੋਂਕਿ ਬਾਕੀ 2 ਮੁਲਜ਼ਮਾਂ ਨੇ ਰੇਕੀ ਕੀਤੀ ਸੀ।


Shyna

Content Editor

Related News